
ਨਵੀਂ ਦਿੱਲੀ: ਜੇਕਰ ਤੁਸੀਂ ਹੁਣ ਤੱਕ ਸੋਨਾ ਖਰੀਦਣ ਤੋਂ ਇਸ ਲਈ ਘਬਰਾ ਰਹੇ ਸੀ ਕਿ ਇਸ ਵਾਸਤੇ ਪੈਨ ਦੇਣਾ ਜ਼ਰੂਰੀ ਹੈ, ਤਾਂ ਤੁਹਾਡੇ ਲਈ ਹੁਣ ਰਾਹਤ ਦੀ ਖਬਰ ਹੈ। ਦਿਵਾਲੀ ਦੇ ਮੌਕੇ 'ਤੇ ਸਰਕਾਰ ਨੇ ਆਮ ਜਨਤਾ ਅਤੇ ਸਰਾਫਾ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 50 ਹਜ਼ਾਰ ਰੁਪਏ ਤੱਕ ਦੇ ਗਹਿਣੇ ਖਰੀਦਣ ਲਈ ਪੈਨ ਕਾਰਡ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਯਾਨੀ ਗਾਹਕਾਂ ਨੂੰ 50 ਹਜ਼ਾਰ ਤੱਕ ਦੀ ਖਰੀਦਦਾਰੀ ਦੀ ਸੂਚਨਾ ਸਰਕਾਰ ਨੂੰ ਨਹੀਂ ਦੇਣੀ ਹੋਵੇਗੀ।
ਇਸ ਦੇ ਨਾਲ ਹੀ ਸਰਕਾਰ ਨੇ ਸਰਾਫਾ ਕਾਰੋਬਾਰ ਨੂੰ ਕਾਲਾ ਧਨ ਰੋਕੂ ਐਕਟ (ਪੀ. ਐੱਮ. ਐੱਲ. ਏ.) ਦੇ ਦਾਇਰੇ 'ਚੋਂ ਬਾਹਰ ਕਰ ਦਿੱਤਾ ਹੈ, ਜਿਸ ਨਾਲ ਜੌਹਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸਰਾਫਾ ਕਾਰੋਬਾਰੀਆਂ ਨੂੰ ਰਾਹਤ ਦਿੱਤੇ ਜਾਣ ਨਾਲ ਇਸ ਦਿਵਾਲੀ 'ਤੇ ਸੋਨੇ 'ਤੇ ਡਿਸਕਾਊਂਟ ਮਿਲਣਾ ਸੰਭਵ ਹੈ। ਮੌਜੂਦਾ ਸਮੇਂ ਸੋਨੇ ਦੀ ਕੀਮਤ ਤਕਰੀਬਨ 30 ਹਜ਼ਾਰ ਰੁਪਏ ਤੋਂ ਉਪਰ ਹੈ, ਜਿਸ 'ਤੇ ਮੇਕਿੰਗ ਚਾਰਜ ਅਤੇ ਜੀ. ਐੱਸ. ਟੀ. ਲੱਗਣ ਨਾਲ ਇਸ ਦੀ ਕੀਮਤ ਹੋਰ ਜ਼ਿਆਦਾ ਹੋ ਜਾਂਦੀ ਹੈ। ਅਜਿਹੇ 'ਚ ਮੇਕਿੰਗ ਚਾਰਜ 'ਤੇ ਡਿਸਕਾਊਂਟ ਦੇ ਕੇ ਗਹਿਣਾ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਰਫਤਾਰ ਦੇ ਸਕਦੇ ਹਨ।
ਪੀ. ਐੱਮ. ਐੱਲ. ਏ. ਦੇ ਨਿਯਮਾਂ ਤਹਿਤ 50 ਹਜ਼ਾਰ ਤੋਂ ਵੱਧ ਦੀ ਕਿਸੇ ਵੀ ਨਕਦ ਵਿਕਰੀ ਨੂੰ ਪੈਨ, ਆਧਾਰ, ਡਰਾਈਵਿੰਗ ਲਾਈਸੈਂਸ ਜਾਂ ਪਾਸਪੋਰਟ ਕਾਪੀ ਵਰਗੇ ਸਬੂਤ ਦੇ ਬਿਨਾਂ ਨਹੀਂ ਕੀਤਾ ਜਾ ਸਕਦਾ ਹੈ। ਸੋਨੇ ਦੀ ਮੌਜੂਦਾ ਕੀਮਤ ਮੁਤਾਬਕ, ਗਾਹਕ 15 ਗ੍ਰਾਮ ਤੋਂ ਵੱਧ ਸੋਨਾ ਬਿਨਾਂ ਕੋਈ ਸਬੂਤ ਦਿੱਤੇ ਨਹੀਂ ਖਰੀਦ ਸਕਦਾ ਸੀ। ਉਸ ਨੂੰ ਪੈਨ ਜਾਂ ਆਧਾਰ ਵਰਗਾ ਦਸਤਾਵੇਜ਼ ਦੇਣਾ ਜ਼ਰੂਰੀ ਸੀ। ਅਜਿਹੇ 'ਚ ਸਰਾਫਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਸੀ। ਹਾਲਾਂਕਿ 2 ਲੱਖ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਨਕਦ 'ਚ ਖਰੀਦਣ 'ਤੇ ਪੈਨ ਦੇਣਾ ਪਹਿਲਾਂ ਦੀ ਤਰ੍ਹਾਂ ਜ਼ਰੂਰੀ ਹੋਵੇਗਾ।
ਤਿਉਹਾਰੀ ਮੌਸਮ 'ਚ ਸੋਨੇ 'ਤੇ ਮਿਲੇਗਾ ਡਿਸਕਾਊਂਟ
ਦੱਸ ਦਈਏ ਕਿ ਸਰਕਾਰ ਦੀ ਰਾਹਤ ਨਾਲ ਇਸ ਤਿਉਹਾਰੀ ਮੌਸਮ 'ਚ ਸੋਨੇ ਦੇ ਗਹਿਣਿਆਂ 'ਤੇ ਡਿਸਕਾਊਂਟ ਮਿਲ ਸਕਦਾ ਹੈ। ਗਹਿਣਾ ਕਾਰੋਬਾਰ ਨਾਲ ਜੁੜੇ ਇੱਕ ਵਪਾਰੀ ਨੇ ਦੱਸਿਆ ਕਿ ਗਹਿਣਿਆਂ ਦੀ ਜ਼ਿਆਦਾਤਰ ਖਰੀਦਦਾਰੀ ਔਰਤਾਂ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਉਹ ਆਪਣੀ ਥੋੜ੍ਹੀ-ਥੋੜ੍ਹੀ ਬਚਤ ਜੋੜ ਕੇ ਕਰਦੀਆਂ ਹਨ। ਇਸ ਲਈ, ਔਰਤਾਂ ਗਹਿਣਿਆਂ ਦੀ ਖਰੀਦ ਲਈ ਆਪਣੇ ਪੈਨ ਅਤੇ ਆਧਾਰ ਦੀ ਜਾਣਕਾਰੀ ਨਹੀਂ ਦੇਣਾ ਚਾਹੁੰਦੀਆਂ। ਅਜਿਹੇ 'ਚ ਇਸ ਤਰ੍ਹਾਂ ਦੇ ਗਾਹਕ ਸਰਗਰਮ ਖਰੀਦ ਤੋਂ ਗੈਰ-ਹਾਜ਼ਰ ਰਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰਾਫਾ ਕਾਰੋਬਾਰ ਨੂੰ ਪੀ. ਐੱਮ. ਐੱਲ. ਏ. ਐਕਟ ਤੋਂ ਬਾਹਰ ਕੀਤੇ ਜਾਣ ਨਾਲ ਗਹਿਣਾ ਕਾਰੋਬਾਰੀ ਮੇਕਿੰਗ ਚਾਰਜ (ਬਣਵਾਈ ਫੀਸ) 'ਚ ਛੋਟ ਦੇ ਗਾਹਕਾਂ ਨੂੰ ਇਸ ਤਿਉਹਾਰੀ ਮੌਸਮ 'ਚ ਆਕਰਸ਼ਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦਿਵਾਲੀ 'ਤੇ ਕਾਰੋਬਾਰ ਚੰਗਾ ਹੋਣ ਦੀ ਉਮੀਦ ਹੈ।