
ਸ੍ਰੀਨਗਰ, 3 ਅਕਤੂਬਰ: ਉੱਚ ਸੁਰੱਖਿਆ ਵਾਲੇ ਸ੍ਰੀਨਗਰ ਹਵਾਈ ਅੱਡੇ ਕੋਲ ਬੀ.ਐਸ.ਐਫ਼. ਦੇ ਇਕ ਕੈਂਪ ਉਤੇ ਅੱਜ ਤੜਕੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਹਮਲੇ ਦੀ ਕੋਸ਼ਿਸ਼ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿਤੀ। ਸੁਰੱਖਿਆ ਬਲਾਂ ਦੀ ਕਾਰਵਾਈ 'ਚ ਤਿੰਨ ਅਤਿਵਾਦੀ ਮਾਰੇ ਗਏ ਜਦਕਿ ਬਲ ਦੇ ਇਕ ਸਹਾਇਕ ਸਬ-ਇੰਸਪੈਕਟਰ ਦੀ ਮੌਤ ਹੋ ਗਈ।
ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਐਸ.ਪੀ. ਵੈਦ ਨੇ ਦਸਿਆ ਕਿ ਬੀ.ਐਸ.ਐਫ਼. ਕੈਂਪ ਉਤੇ ਹਮਲਾ ਕਰਨ ਵਾਲੇ ਤਿੰਨ ਅਤਿਵਾਦੀ ਮਾਰ ਦਿਤੇ ਗਏ। ਉਨ੍ਹਾਂ ਕਿਹਾ ਕਿ ਕੈਂਪ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਕਿ ਧਮਾਕਾਖੇਜ਼ ਸਮੱਗਰੀ ਲਾਏ ਜਾਣ ਬਾਰੇ ਸ਼ੱਕ ਦੂਰ ਕੀਤੇ ਜਾ ਸਕਣ।
ਹਵਾਈ ਅੱਡੇ ਨਾਲ ਲੱਗੇ ਗੋਗੋਲੈਂਡ 'ਚ ਬੀ.ਐਸ.ਐਫ਼. ਬਟਾਲੀਅਨ ਦੇ ਹੈੱਡਕੁਆਰਟਰ 'ਤੇ ਤਿੰਨ ਅਤਿਵਾਦੀਆਂ ਦੇ ਹਮਲੇ 'ਚ ਸਹਾਇਕ ਸਬ-ਇੰਸਪੈਕਟਰ ਬੀ.ਕੇ. ਯਾਦਵ ਸ਼ਹੀਦ ਹੋ ਗਏ ਅਤੇ ਤਿੰਨ ਬੀ.ਐਸ.ਐਫ਼. ਜਵਾਨ ਜ਼ਖ਼ਮੀ ਹੋ ਗਏ। ਇਕ ਅਫ਼ਸਰ ਨੇ ਦਸਿਆ ਕਿ ਪਹਿਲਾਂ ਤੋਂ ਹੀ ਖੁਫ਼ੀਆ ਸੂਚਨਾ ਸੀ ਕਿ ਜੈਸ਼-ਏ-ਮੁਹੰਮਦ ਦਾ ਇਕ ਕਾਰਿੰਦਾ ਸ਼ਹਿਰ 'ਚ ਫ਼ਿਦਾਈਨ ਦਸਤਾ ਲੈ ਕੇ ਆਇਆ ਹੈ। ਅਤਿਵਾਦੀ ਦੀ ਪਛਾਣ ਨੂਰਾ ਤਰਾਲੀ ਵਜੋਂ ਹੋਈ ਸੀ।
ਭਾਰਤੀ ਹਵਾਈ ਫ਼ੌਜ ਦਾ ਪੁਰਾਣਾ ਹਵਾਈ ਅੱਡਾ ਵੀ ਇਸੇ ਇਲਾਕੇ 'ਚ ਹੈ। ਅੱਜ ਸਵੇਰੇ ਲਗਭਗ ਤਿੰਨ ਘੰਟੇ ਲਈ ਗ਼ੈਰਫ਼ੌਜੀ ਹਵਾਈ ਜਹਾਜ਼ਾਂ ਦੀ ਆਵਾਜਾਈ ਬੰਦ ਕਰ ਦਿਤੀ ਗਈ ਸੀ। ਨੇੜਲੇ ਸਕੂਲਾਂ ਨੂੰ ਵੀ ਬੰਦ ਕਰ ਦਿਤਾ ਗਿਆ। ਹਾਲਾਂਕਿ ਬਾਅਦ 'ਚ ਸਵੇਰੇ 10 ਵਜੇ ਜਹਾਜ਼ਾਂ ਦੀ ਆਵਾਜਾਈ ਬਹਾਲ ਕਰ ਦਿਤੀ ਗਈ।
ਅਤਿਵਾਦੀ ਚਾਰਦੀਵਾਰੀ ਦੇ ਟੁੱਟੇ ਹੋਏ ਹਿੱਸੇ ਰਾਹੀਂ ਬੀ.ਐਸ.ਐਫ਼. ਦੀ 182 ਬਟਾਲੀਅਨ ਦੇ ਹੈੱਡਕੁਆਰਟਰ 'ਚ ਵੜੇ ਅਤੇ ਉਨ੍ਹਾਂ ਨੇ ਚਾਰੇ ਪਾਸੇ ਗੋਲੀਬਾਰੀ ਸ਼ੁਰੂ ਕਰ ਦਿਤੀ। ਹਮਲੇ ਦੀ ਸ਼ੁਰੂਆਤ 'ਚ ਤਿੰਨ ਬੀ.ਐਸ.ਐਫ਼. ਜਵਾਨ ਜ਼ਖ਼ਮੀ ਹੋ ਗਏ ਅਤੇ ਜਵਾਬੀ ਕਾਰਵਾਈ 'ਚ ਇਕ ਅਤਿਵਾਦੀ ਮਾਰਿਆ ਗਿਆ। ਇਸ ਤੋਂ ਬਾਅਦ ਬਾਕੀ ਬਚੇ ਦੋ ਅਤਿਵਾਦੀ ਵੱਖ-ਵੱਖ ਦਿਸ਼ਾਵਾਂ 'ਚ ਚਲੇ ਗਏ ਅਤੇ ਉਨ੍ਹਾਂ ਵੱਖ-ਵੱਖ ਇਮਾਰਤਾਂ 'ਚ ਸ਼ਰਨ ਲਈ।
ਸੁਰੱਖਿਆ ਦਸਤਿਆਂ ਨੇ ਦੋਹਾਂ ਅਤਿਵਾਦੀਆਂ ਨੂੰ ਹਲਾਕ ਕਰ ਦਿਤਾ। ਫ਼ੌਜੀ ਮੁਹਿੰਮ ਖ਼ਤਮ ਹੋਣ ਦੌਰਾਨ ਯਾਦਵ ਦੀ ਮ੍ਰਿਤਕ ਦੇਹ ਮਿਲੀ।
ਡੀ.ਜੀ.ਪੀ. (ਕਸ਼ਮੀਰ ਖੇਤਰ) ਮੁਨੀਰ ਖ਼ਾਨ ਨੇ ਦਸਿਆ ਕਿ ਅਤਿਵਾਦੀ ਫ਼ੌਜੀਆਂ ਦੀ ਵਰਦੀ 'ਚ ਸਨ। ਉਹ ਨੇੜਲੀ ਇਕ ਰਿਹਾਇਸ਼ੀ ਕਾਲੋਨੀ 'ਚੋਂ ਵਾੜ ਕੱਟ ਕੇ ਕੈਂਪ 'ਚ ਆਏ ਸਨ। ਮਾਰੇ ਗਏ ਅਤਿਵਾਦੀ ਉਸ ਵੱਡੇ ਜੈਸ਼ ਗਰੁੱਪ ਦਾ ਹਿੱਸਾ ਸਨ ਜੋ ਇਸ ਸਾਲ ਦੇਸ਼ 'ਚ ਵੜਿਆ ਸੀ। ਇਸ ਗਰੁੱਪ ਦੇ ਤਿੰਨ ਮੈਂਬਰ ਪੁਲਵਾਮਾ 'ਚ 26 ਅਗੱਸਤ ਨੂੰ ਜ਼ਿਲ੍ਹਾ ਪੁਲਿਸ ਲਾਈਨ ਉਤੇ ਹਮਲੇ 'ਚ ਮਾਰੇ ਗਏ ਸਨ। ਇਸ ਗਰੁੱਪ ਦੇ ਸੱਤ ਅਤਿਵਾਦੀ ਅਜੇ ਵੀ ਫੜੇ ਨਹੀਂ ਗਏ ਹਨ। ਅਤਿਵਾਦੀਆਂ ਦੇ ਆਉਣ-ਜਾਣ 'ਚ ਮਦਦ ਕਰਨ ਵਾਲੇ ਓਵਰਗਰਾਊਂਡ ਨੈੱਟਵਰਕ ਦੀ ਪਛਾਣ ਕਰ ਲਈ ਗਈ ਹੈ।ਕਾਂਗਰਸ ਨੇ ਅਤਿਵਾਦੀ ਹਮਲੇ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਉਸ ਉਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਪਾਕਿਸਤਾਨ 'ਚੋਂ ਪੈਦਾ ਹੋਣ ਵਾਲੇ ਅਤਿਵਾਦ ਨਾਲ ਨਜਿੱਠਣ ਲਈ ਇਕ ਨੀਤੀ ਕਦੋਂ ਤਿਆਰ ਕਰੇਗੀ? (ਪੀਟੀਆਈ)
ਅਤਿਵਾਦੀਆਂ ਨੇ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰੀ, ਮੌਤ
ਸ੍ਰੀਨਗਰ, 3 ਅਕਤੂਬਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅਤਿਵਾਦੀਆਂ ਨੇ ਬੀਤੀ ਰਾਤ ਇਕ ਪੁਲਿਸ ਮੁਲਾਜ਼ਮ ਆਸ਼ਿਕ ਅਹਿਮਦ ਨੂੰ ਗੋਲੀ ਮਾਰ ਦਿਤੀ। ਜ਼ਖ਼ਮੀ ਮੁਲਾਜ਼ਮ ਨੇ ਹਸਪਤਾਲ 'ਚ ਦਮ ਤੋੜ ਦਿਤਾ। ਉਹ ਥਾਣੇ 'ਚ ਮੁਨਸ਼ੀ ਵਜੋਂ ਤੈਨਾਤ ਸੀ ਅਤੇ ਇਕ ਵਿਆਹ 'ਚ ਸ਼ਰੀਕ ਹੋਣ ਤੋਂ ਬਾਅਦ ਪਰਤ ਰਿਹਾ ਸੀ। (ਪੀਟੀਆਈ)