
ਨਵੀਂ ਦਿੱਲੀ, 7 ਅਕਤੂਬਰ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਭਾਰਤ ਇਕ ਬੀਮਾਰ ਪਾਕਿਸਤਾਨੀ ਨਾਗਰਿਕ ਨੂੰ ਲੀਵਰ ਟਰਾਂਸਪਲਾਂਟ ਅਤੇ ਤਿੰਨ ਸਾਲਾਂ ਦੀ ਇਕ ਪਾਕਿਸਤਾਨੀ ਬੱਚੀ ਦੀ ਓਪਨ ਹਾਰਟ ਸਰਜਰੀ ਲਈ ਵੀਜ਼ਾ ਦੇਵੇਗਾ। ਲਾਹੌਰ ਦੇ ਉਜੈਰ ਹੁਮਾਯੂੰ ਦੀ ਅਪੀਲ 'ਤੇ ਸੁਸ਼ਮਾ ਨੇ ਕਲ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਮੈਡੀਕਲ ਵੀਜ਼ਾ ਦਿਤਾ ਜਾਵੇਗਾ, ਜਿਸ ਦੇ ਦਿਲ ਦਾ ਆਪਰੇਸ਼ਨ ਹੋਣਾ ਹੈ। ਸੁਸ਼ਮਾ ਨੇ ਟਵਿੱਟਰ ਜ਼ਰੀਏ ਕਿਹਾ, ''ਅਸੀ ਤੁਹਾਡੀ ਤਿੰਨ ਸਾਲਾਂ ਦੀ ਬੇਟੀ ਦੀ ਭਾਰਤ 'ਚ ਓਪਨ ਹਾਰਟ ਸਰਜਰੀ ਲਈ ਵੀਜ਼ਾ ਜਾਰੀ ਕਰ ਰਹੇ ਹਾਂ। ਅਸੀਂ ਉਸ ਦੇ ਛੇਤੀ ਸਿਹਤਮੰਦ ਹੋਣ ਦੀ ਉਮੀਦ ਕਰਦੇ ਹਾਂ।''
ਸੁਸ਼ਮਾ ਨੇ ਨੂਰਮਾ ਹਬੀਬ ਨੂੰ ਵੀ ਭਰੋਸਾ ਦਿਤਾ ਕਿ ਉਨ੍ਹਾਂ ਦੇ ਪਿਤਾ ਨੂੰ ਮੈਡੀਕਲ ਵੀਜ਼ਾ ਦਿਤਾ ਜਾਵੇਗਾ ਜਿਸ ਦਾ ਲੀਵਰ ਟਰਾਂਸਪਲਾਂਟ ਹੋਣਾ ਹੈ। ਉਨ੍ਹਾਂ ਲਿਖਿਆ, ''ਹਾਂ, ਨੂਰਮਾ ਅਸੀਂ ਤੁਹਾਡੇ ਪਿਤਾ ਦੇ ਭਾਰਤ 'ਚ ਲੀਡਰ ਟਰਾਂਸਪਲਾਂਟ ਲਈ ਵੀਜ਼ਾ ਦੇ ਰਹੇ ਹਾਂ। ਅਸੀਂ ਉਨ੍ਹਾਂ ਦੀ ਸਫ਼ਲ ਸਰਜਰੀ ਅਤੇ ਲੰਮੇ ਜੀਵਨ ਲਈ ਅਰਦਾਸ ਕਰਦੇ ਹਾਂ।'' ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਖੋ-ਵੱਖ ਮੁੱਦਿਆਂ ਨੂੰ ਲੈ ਕੇ ਕਾਇਮ ਤਣਾਅ ਦੇ ਬਾਵਜੂਦ ਵੀ ਸੁਸ਼ਮਾ ਗੁਆਂਢੀ ਦੇਸ਼ ਦੇ ਨਾਗਰਿਕਾਂ ਨੂੰ ਮੈਡੀਕਲ ਵੀਜ਼ਾ ਬਿਨੈ ਉਤੇ ਹਮਦਰਦੀ ਨਾਲ ਵਿਚਾਰ ਕਰਦੀ ਰਹੀ ਹੈ। (ਪੀਟੀਆਈ)