
ਪਣਜੀ, 28 ਸਤੰਬਰ : ਗੋਆ ਦੀ
ਜ਼ਿਲ੍ਹਾ ਅਦਾਲਤ ਨੇ ਤਹਿਲਕਾ ਰਸਾਲੇ ਦੇ ਸੰਸਥਾਪਕ ਤਰੁਣ ਤੇਜਪਾਲ ਵਿਰੁਧ ਬਲਾਤਕਾਰ ਦੇ
ਮਾਮਲੇ ਵਿਚ ਅੱਜ ਬਲਾਤਕਾਰ ਅਤੇ ਨਾਜਾਇਜ਼ ਢੰਗ ਨਾਲ ਕੈਦ 'ਚ ਰੱਖਣ ਦੇ ਦੋਸ਼ ਤੈਅ ਕਰ ਦਿਤੇ।
ਸਾਲ 2013 ਦੇ ਇਸ ਮਾਮਲੇ ਵਿਚ ਸੁਣਵਾਈ 21 ਨਵੰਬਰ ਤੋਂ ਸ਼ੁਰੂ ਹੋਵੇਗੀ। ਸਰਕਾਰੀ ਵਕੀਲ
ਫ਼ਰਾਂਸਿਸਕੋ ਤਵੋਰਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਜ਼ਿਲ੍ਹਾ ਜੱਜ ਵਿਜੇ ਪਾਲ ਨੇ ਤੇਜਪਾਲ
ਵਿਰੁਧ ਦੋਸ਼ ਤੈਅ ਕਰ ਦਿਤੇ। ਤੇਜਪਾਲ ਵਿਰੁਧ ਧਾਰਾ 376, 354ਏ, 341 ਅਤੇ 342 ਤਹਿਤ ਦੋਸ਼
ਤੈਅ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਅਦਾਲਤ ਹੁਣ ਇਨ੍ਹਾਂ ਧਾਰਾਵਾਂ ਤਹਿਤ ਸੁਣਵਾਈ
ਕਰੇਗੀ। ਤੇਜਪਾਲ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਸੁਣਵਾਈ ਹਾਲੇ ਸ਼ੁਰੂ ਨਾ ਹੋਵੇ
ਕਿਉਂਕਿ ਦੋਸ਼ ਤੈਅ ਕੀਤੇ ਜਾਣ ਦੀ ਕਾਰਵਾਈ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਪਹਿਲਾਂ ਹੀ
ਬੰਬਈ ਹਾਈ ਕੋਰਟ ਵਿਚ ਪਈ ਹੈ। ਅਦਾਲਤ ਨੇ ਵਕੀਲ ਦੀ ਬੇਨਤੀ ਨੂੰ ਰੱਦ ਕਰ ਦਿਤਾ ਅਤੇ
ਤੇਜਪਾਲ ਵਿਰੁਧ ਦੋਸ਼ ਤੈਅ ਕਰਨ ਦੀ ਪ੍ਰਵਾਨਗੀ ਦੇ ਦਿਤੀ। ਤੇਜਪਾਲ ਨੇ ਦਲੀਲ ਦਿਤੀ ਕਿ ਉਹ
ਦੋਸ਼ੀ ਨਹੀਂ ਹੈ ਅਤੇ ਇਸ ਨਾਲ ਸੁਣਵਾਈ ਦਾ ਰਾਹ ਸਾਫ਼ ਹੋ ਗਿਆ। ਤੇਜਪਾਲ ਵਿਰੁਧ 2013 ਵਿਚ
ਗੋਆ ਦੇ ਹੋਟਲ ਦੀ ਲਿਫ਼ਟ ਵਿਚ ਸਾਬਕਾ ਸਹਿਕਰਮੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੀੜਤ
ਕੁੜੀ ਤੇਜਪਾਲ ਦੀ ਕੁੜੀ ਦੀ ਪੱਕੀ ਸਹੇਲੀ ਸੀ ਅਤੇ ਤੇਜਪਾਲ ਨੂੰ ਅਪਣੇ ਪਿਤਾ ਸਮਾਨ ਮੰਨਦੀ
ਸੀ। ਕਿਸੇ ਸਮਾਗਮ ਦੌਰਾਨ ਤੇਜਪਾਲ ਨੇ ਕੁੜੀ ਨੂੰ ਲਿਟਫ਼ ਵਿਚ ਫੜ ਲਿਆ ਅਤੇ ਉਸ ਨਾਲ
ਜ਼ਬਰਦਸਤੀ ਕੀਤੀ। (ਏਜੰਸੀ)