
ਅਗਰਤਲਾ,
21 ਸਤੰਬਰ : ਤ੍ਰਿਪੁਰਾ ਵਿਚ ਪੱਤਰਕਾਰ ਦੀ ਹਤਿਆ ਅਤੇ ਕਲ ਵਾਪਰੀਆਂ ਹਿੰਸਕ ਘਟਨਾਵਾਂ ਦੇ
ਸਿਲਸਿਲੇ ਵਿਚ ਇੰਡੀਅਨਜ਼ ਪੀਪਲਜ਼ ਫ਼ਰੰਟ ਆਫ਼ ਤ੍ਰਿਪੁਰਾ (ਆਈਪੀਐਫ਼ਟੀ) ਦੇ ਚਾਰ ਕਾਰਕੁਨਾਂ
ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਤ੍ਰਿਪੁਰਾ ਪਛਮੀ ਦੇ ਪੁਲਿਸ ਅਧਿਕਾਰੀ ਅਭੀਜੀਤ
ਸਤਰਸ਼ੀ ਨੇ ਦਸਿਆ ਕਿ ਇਨ੍ਹਾਂ ਕਾਰਕੁਨਾਂ ਨੇ ਜ਼ਿਲ੍ਹੇ ਦੇ ਮੰਡਈ ਅਤੇ ਖੁਮੁਲਬੰਗੁ ਵਿਚ
ਹਮਲਾ ਕੀਤਾ ਸੀ ਜਿਸ ਵਿਚ 16 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ ਤੇ ਦੋ ਵਾਹਨਾਂ ਨੂੰ
ਨੁਕਸਾਨ ਪੁੱਜਾ ਸੀ। ਉਨ੍ਹਾਂ ਦਸਿਆ ਕਿ ਪੁਲਿਸ 'ਤੇ ਤੀਰ ਕਮਾਨ, ਬੋਤਲਾਂ ਅਤੇ ਧਾਰਦਾਰ
ਹਥਿਆਰਾਂ ਨਾਲ ਹਮਲਾ ਕੀਤਾ ਗਿਆ। 'ਦਿਨ ਰਾਤ' ਟੀਵੀ ਨਿਊਜ਼ ਚੈਨਲ ਦੇ ਪੱਤਰਕਾਰ ਸ਼ਾਂਤਨੂੰ
ਭੌਮਿਕ ਦੀ ਕਲ ਉਸ ਸਮੇਂ ਹਤਿਆ ਕਰ ਦਿਤੀ ਗਈ ਸੀ ਜਦ ਉਹ ਆਈਪੀਐਫ਼ਟੀ ਦੇ ਅੰਦੋਲਨ ਨੂੰ ਕਵਰ
ਕਰ ਰਿਹਾ ਸੀ। ਉਸ 'ਤੇ ਪਿਛਿਉਂ ਹਮਲਾ ਕੀਤਾ ਗਿਆ ਅਤੇ ਫਿਰ ਅਗ਼ਵਾ ਕਰ ਲਿਆ ਗਿਆ। ਬਾਅਦ
ਵਿਚ ਉਹ ਜ਼ਖ਼ਮੀ ਹਾਲਤ ਵਿਚ ਮਿਲਿਆ ਅਤੇ ਉਸ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ ਪਰ
ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਅਫ਼ਵਾਹਾਂ
ਰੋਕਣ ਲਈ ਰਾਜ ਭਰ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ। ਸੂਬੇ 'ਚ
ਸੱਤਾਧਾਰੀ ਧਿਰ ਸੀਪੀਐਮ ਨੇ ਕਿਹਾ ਹੈ ਕਿ ਆਈਪੀਐਫ਼ਟੀ ਭਾਜਪਾ ਦੇ ਸਮਰਥਨ ਵਾਲੀ ਜਥੇਬੰਦੀ
ਹੈ ਤੇ ਇਸ ਦੇ ਕਾਰਕੁਨਾਂ ਨੇ ਪੱਤਰਕਾਰ ਦੀ ਹਤਿਆ ਕੀਤੀ ਹੈ। ਦੂਜੇ ਪਾਸੇ, ਭਾਜਪਾ ਦਾ
ਕਹਿਣਾ ਹੈ ਕਿ ਪੱਤਰਕਾਰ ਦੀ ਹਤਿਆ ਸੀਪੀਐਮ ਦੇ ਕਾਰਕੁਨਾਂ ਨੇ ਕੀਤੀ ਹੈ। ਤ੍ਰਿਪੁਰਾ ਵਿਚ
ਮਾਨਿਕ ਸਰਕਾਰ ਦੀ ਸਰਕਾਰ ਹੈ। (ਏਜੰਸੀ)