
ਨਵੀਂ ਦਿੱਲੀ, 13 ਦਸੰਬਰ : ਉਪਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਇਆ ਨਾਇਡੂ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਵੱਖ ਵੱਖ ਆਗੂਆਂ, ਸੰਸਦ ਮੈਂਬਰਾਂ ਨੇ ਸੰਸਦ ਭਵਨ 'ਤੇ 2001 ਵਿਚ ਹੋਏ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿਤੀਆਂ।
ਸੰਸਦ ਭਵਨ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਅੱਜ ਨਰਿੰਦਰ ਮੋਦੀ ਅਤੇ ਡਾ. ਮਨਮੋਹਨ ਸਿੰਘ ਆਹਮੋ-ਸਾਹਮਣੇ ਹੋਏ ਜਿਨ੍ਹਾਂ ਵਿਚਕਾਰ ਗੁਜਰਾਤ ਚੋਣ ਪ੍ਰਚਾਰ ਦੌਰਾਨ ਦੂਸ਼ਣਬਾਜ਼ੀ ਵੇਖਣ ਨੂੰ ਮਿਲੀ ਸੀ। ਮੋਦੀ ਅਤੇ ਡਾ. ਮਨਮੋਹਨ ਸਿੰਘ ਨੇ ਸਮਾਗਮ 'ਚ ਇਕ ਦੂਜੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਡਾ. ਮਨਮੋਹਨ ਸਿੰਘ ਨੇ ਮੋਦੀ ਨੂੰ 'ਨਮਸਤੇ' ਕਹਿ ਕੇ ਸਵਾਗਤ ਕੀਤਾ। ਫਿਰ ਦੋਹਾਂ ਨੇ ਇਕ ਦੂਜੇ ਵਲ ਹੱਥ ਜੋੜੇ।
ਸਮਾਗਮ ਵਿਚ ਲਾਲ ਕ੍ਰਿਸ਼ਨ ਅਡਵਾਨੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਵੀ ਸ਼ਾਮਲ ਹੋਏ ਅਤੇ 16 ਸਾਲ ਪਹਿਲਾਂ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿਤੀ। ਇਸ ਮੌਕੇ ਕੁੱਝ ਮੰਤਰੀਆਂ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਨ 'ਤੇ ਵਧਾਈਆਂ ਵੀ ਦਿਤੀਆਂ। (ਏਜੰਸੀ)