
ਤ੍ਰਿਪੁਰਾ 'ਚ ਭਾਜਪਾ ਨੇ ਢਾਹਿਆ ਖੱਬੇ ਪੱਖੀਆਂ ਦਾ ਕਿਲ੍ਹਾ
ਨਾਗਾਲੈਂਡ ਅਤੇ ਮੇਘਾਲਿਆ 'ਚ ਲਟਕਵੀਂ ਵਿਧਾਨ ਸਭਾ
ਅਗਰਤਲਾ/ਸ਼ਿਲੋਂਗ/ਕੋਹਿਮਾ, 3 ਮਾਰਚ: ਉੱਤਰ-ਪੂਰਬ 'ਚ ਅਪਣੀ ਜਿੱਤ ਦਾ ਸਿਲਸਿਲਾ ਜਾਰੀ ਰਖਦਿਆਂ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਖੱਬੇ ਪੱਖੇ ਪਾਰਟੀਆਂ ਦੇ ਆਖ਼ਰੀ ਗੜ੍ਹ ਤ੍ਰਿਪੁਰਾ 'ਤੇ ਵੀ ਜਿੱਤ ਦਾ ਝੰਡਾ ਲਹਿਰਾ ਦਿਤਾ। ਦੂਜੇ ਪਾਸੇ ਨਾਗਾਲੈਂਡ ਅਤੇ ਮੇਘਾਲਿਆ 'ਚ ਲੋਕਾਂ ਨੇ ਲਟਕਵੀਂ ਵਿਧਾਨ ਸਭਾ ਦਾ ਫ਼ਤਵਾ ਦਿਤਾ ਹੈ। ਹਾਲਾਂਕਿ ਭਾਜਪਾ ਨੂੰ ਨਾਗਾਲੈਂਡ 'ਚ ਗਠਜੋੜ ਸਰਕਾਰ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਵੱਖ ਵੱਖ ਕਾਰਨਾਂ ਦੇ ਕਾਰਨ ਤਿੰਨ ਸੂਬਿਆਂ ਦੀਆਂ 59-59 ਸੀਟਾਂ ਉਤੇ ਚੋਣਾਂ ਹੋਈਆਂ ਸਨ, ਹਾਲਾਂਕਿ ਇਨ੍ਹਾਂ ਦੀਆਂ 60 ਵਿਧਾਨ ਸਭਾ ਸੀਟਾਂ ਸਨ।ਜੋ ਭਾਜਪਾ ਤ੍ਰਿਪੁਰਾ ਦੀ ਸਿਆਸਤ ਵਿਚ ਹੁਣ ਤਕ ਇਕ ਮਾਮੂਲੀ ਖਿਡਾਰੀ ਸੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਸੀਟ ਤੇ ਕਬਜ਼ਾ ਕਰਨ 'ਚ ਨਾਕਾਮ ਰਹੀ ਸੀ, ਉਸ ਨੇ 60 ਮੈਂਬਰੀ ਵਿਧਾਨ ਸਭਾ ਵਿਚ 32 ਸੀਟਾਂ ਜਿੱਤੀਆਂ ਹਨ ਅਤੇ ਖ਼ਬਰਾਂ ਲਿਖੇ ਜਾਣ ਤਕ ਇਹ ਤਿੰਨ ਹੋਰ ਸੀਟਾਂ ਤੇ ਅੱਗੇ ਸੀ। ਭਾਜਪਾ ਦੇ ਭਾਈਵਾਲ ਇੰਡਜੀਨੀਅਸ ਪੀਪਲਜ਼ ਫ਼ਰੰਟ ਆਫ਼ ਤ੍ਰਿਪੁਰਾ (ਆਈ.ਪੀ.ਟੀ.ਟੀ.) ਨੇ ਅੱਠ ਸੀਟਾਂ ਜਿੱਤੀਆਂ ਹਨ। ਪਿਛਲੇ 25 ਸਾਲਾਂ ਤੋਂ ਤ੍ਰਿਪੁਰਾ 'ਚ ਸੱਤਾਧਾਰੀ ਸੀ.ਬੀ.ਆਈ.(ਐਮ.) ਨੂੰ ਸਿਰਫ਼ 11 ਸੀਟਾਂ ਮਿਲੀਆਂ, ਜਦਕਿ ਇਸ ਦੇ ਉਮੀਦਵਾਰ 5 ਹੋਰ ਸੀਟਾਂ 'ਤੇ ਅੱਗੇ ਸਨ। ਦੂਜੇ ਪਾਸੇ ਨਾਗਾਲੈਂਡ 'ਚ ਕਿਸੇ ਪਾਰਟੀ ਜਾਂ ਗਠਜੋੜ ਨੂੰ ਬਹੁਮਤ ਨਹੀਂ ਮਿਲਿਆ ਹੈ। ਸੂਬੇ 'ਚ ਐਨ.ਪੀ.ਐਫ਼. ਅਤੇ ਐਨ.ਡੀ.ਪੀ.-ਭਾਜਪਾ ਗਠਜੋੜ ਵਿਚਕਾਰ ਤਿੱਖੀ ਟੱਕਰ ਹੈ। ਦੋਹਾਂ ਨੂੰ 27-27 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ।
ਸੱਤਾਧਾਰੀ ਨਾਗਾ ਪੀਪਲਜ਼ ਫ਼ਰੰਟ (ਐਨ.ਪੀ.ਐਫ਼.) ਨੇ 24 ਸੀਟਾਂ ਜਿੱਤ ਲਈਆਂ ਹਨ ਅਤੇ ਉਹ ਤਿੰਨ 'ਤੇ ਅੱਗੇ ਹੈ। ਜਦਕਿ ਭਾਜਪਾ 9 ਸੀਟਾਂ ਜਿੱਤ ਕੇ ਦੋ ਸੀਟਾਂ 'ਤੇ ਅੱਗੇ ਹੈ ਅਤੇ ਇਸ ਦੀ ਭਾਈਵਾਲ ਐਨ.ਡੀ.ਪੀ.ਪੀ. 14 ਸੀਟਾਂ ਜਿੱਤ ਕੇ 2 'ਤੇ ਅੱਗੇ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੀ ਨੈਸ਼ਨਲ ਪੀਪਲਜ਼ ਪਾਰਟੀ ਇਕ ਸੀਟ ਜਿੱਤ ਕੇ ਇਕ 'ਤੇ ਅੱਗੇ ਹੈ ਅਤੇ ਜਨਤਾ ਦਲ (ਯੂ) ਵੀ ਇਕ ਸੀਟ 'ਤੇ ਅੱਗੇ ਹੈ।
ਹਾਲਾਂਕਿ ਭਾਜਪਾ ਨੂੰ ਐਨ.ਪੀ.ਐਫ਼. ਦੇ ਲੀਡਰ ਅਤੇ ਮੁੱਖ ਮੰਤਰੀ ਟੀ.ਆਰ. ਜ਼ੇਈਲਾਂਗ ਕੋਲੋਂ ਗਠਜੋੜ ਸਰਕਾਰ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਭਾਜਪਾ ਨੇ ਚੋਣਾਂ ਤੋਂ ਕੁੱਝ ਦੇਰ ਪਹਿਲਾਂ ਹੀ ਐਨ.ਪੀ.ਐਫ਼. ਨਾਲ ਗਠਜੋੜ ਖ਼ਤਮ ਕਰ ਲਿਆ ਸੀ ਅਤੇ ਨਵੇਂ ਬਣੇ ਐਨ.ਡੀ.ਪੀ.ਪੀ. ਨਾਲ ਹੱਥ ਮਿਲਾਇਆ ਸੀ। ਜ਼ੇਈਲਾਂਗ ਨੇ ਕਿਹਾ ਕਿ ਐਨ.ਪੀ.ਐਫ਼. ਉੱਤਰ-ਪੂਰਬੀ ਡੈਮੋਕ੍ਰੇਟਿਕ ਗਠਜੋੜ ਦਾ ਹਿੱਸਾ ਰਹੀ ਹੈ ਅਤੇ ਇਸ ਨੂੰ ਉਮੀਦ ਹੈ ਕਿ ਉਸ ਦੀ ਭਾਈਵਾਲ ਭਾਜਪਾ ਉਸ ਨਾਲ ਮਿਲ ਕੇ ਸਰਕਾਰ ਬਣਾਏਗੀ। ਉਨ੍ਹਾਂ ਕਿਹਾ, ''ਅਸੀ ਗਠਜੋੜ ਤੋਂ ਟੁੱਟੇ ਨਹੀਂ ਹਾਂ। ਮੈਂ ਉਮੀਦ ਕਰਦਾ ਹਾਂ ਕਿ ਭਾਜਪਾ ਸਾਡੀ ਸਰਕਾਰ 'ਚ ਸ਼ਾਮਲ ਹੋ ਜਾਵੇਗੀ।'' ਉਧਰ ਮੇਘਾਲਿਆ ਵਿਚ ਮਈ 2009 ਤੋਂ ਸੱਤਾਧਾਰੀ ਰਹੀ ਕਾਂਗਰਸ, ਇਸ ਵਾਰ ਬਹੁਮਤ ਹਾਸਲ ਕਰਨ ਵਿਚ ਅਸਫ਼ਲ ਰਹੀ। ਹਾਲਾਂਕਿ ਉਹ 21 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ। ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਇਕ ਸੀਟ ਜਿੱਤੀ ਹੈ। ਭਾਵੇਂ ਮੇਘਾਲਿਆ ਵਿਚ ਭਾਜਪਾ ਸਿਰਫ਼ ਦੋ ਸੀਟਾਂ ਜਿੱਤ ਸਕੀ ਪਰ ਉਤਰ-ਪੂਰਬੀ ਲੋਕਤੰਤਰੀ ਗਠਜੋੜ ਵਿਚ ਇਸ ਦੀ ਭਾਈਵਾਲ ਨੈਸ਼ਨਲ ਪੀਪਲਜ਼ ਪਾਰਟੀ ਨੇ 19 ਸੀਟਾਂ ਜਿੱਤੀਆਂ ਹਨ। ਹੋਰ ਛੋਟੀਆਂ ਪਾਰਟੀਆਂ ਨੇ 13 ਸੀਟਾਂ ਜਿੱਤੀਆਂ ਹਨ ਅਤੇ ਤਿੰਨ ਆਜ਼ਾਦ ਉਮੀਦਵਾਰ ਮੇਘਾਲਿਆ 'ਚ ਸਰਕਾਰ ਦੇ ਨਿਰਮਾਣ ਵਿਚ ਫ਼ੈਸਲਾਕੁੰਨ ਭੂਮਿਕਾ ਨਿਭਾਉਣਗੇ। ਸੀਨੀਅਰ ਕਾਂਗਰਸੀ ਨੇਤਾ ਕਮਲ ਨਾਥ, ਜਿਨ੍ਹਾਂ ਨੂੰ ਕਾਂਗਰਸ ਸਰਕਾਰ ਬਣਾਉਣ ਦੇ ਰਾਹ ਲੱਭਣ ਲਈ ਸ਼ਿਲਾਂਗ ਭੇਜਿਆ ਗਿਆ ਹੈ, ਨੇ ਕਿਹਾ ਕਿ ਪਾਰਟੀ ਕੋਲ ਜ਼ਰੂਰੀ ਗਿਣਤੀ 'ਚ ਵਿਧਾਇਕ ਹਨ ਅਤੇ ਉਹ ਵਿਧਾਨ ਸਭਾ ਵਿਚ ਅਪਣਾ ਬਹੁਮਤ ਸਾਬਤ ਕਰਨਗੇ।