
ਨਵੀਂ
ਦਿੱਲੀ, 28 ਸਤੰਬਰ : ਸਰੀਰ ਵਿਚ ਕੋਲੋਸਟਰੋਲ ਦਾ ਪੱਧਰ ਵਧਣ ਕਾਰਨ ਦਿਲ ਦੇ ਰੋਗਾਂ ਦਾ
ਖ਼ਤਰਾ ਜ਼ਿਆਦਾ ਹੁੰਦਾ ਹੈ ਪਰ ਮਾਹਰਾਂ ਮੁਤਾਬਕ ਐਚਡੀਐਲ ਦੇ ਰੂਪ ਵਿਚ ਸਾਡੇ ਅੰਦਰ 'ਚੰਗਾ'
ਕੋਲੈਸਟਰੋਲ ਵੀ ਹੁੰਦਾ ਹੈ ਜਿਸ ਦਾ ਸਹੀ ਪੱਧਰ ਕਾਇਮ ਰਖਣਾ ਜ਼ਰੂਰੀ ਹੈ। ਇਸ ਲਈ ਮਾਹਰ
ਮਾਸਾਹਾਰੀ ਖਾਣੇ ਦੀ ਤੁਲਨਾ ਵਿਚ ਘੱਟ ਫ਼ੈਟਯੁਕਤ ਸ਼ਾਕਾਹਾਰ ਖਾਣੇ ਨੂੰ ਜ਼ਿਆਦਾ ਫ਼ਾਇਦੇਮੰਦ
ਦਸਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਖ਼ਰਾਬ ਜੀਵਨ ਸ਼ੈਲੀ, ਖਾਣਪੀਣ ਵਿਚ ਅਸਤੁੰਲਨ
ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਘੱਟ ਉਮਰ ਵਿਚ ਦਿਲ ਦੇ ਰੋਗਾਂ ਦੇ ਖ਼ਤਰਿਆਂ ਨੂੰ ਵਧਾ
ਰਹੀ ਹੈ। ਇਸ ਵਾਸਤੇ ਸੰਤੁਲਤ ਖ਼ੁਰਾਕ ਤੇ ਕਸਰਤ ਨੂੰ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ
ਬਣਾਉਣਾ ਚਾਹੀਦਾ ਹੈ।
ਵਿਸ਼ਵ ਦਿਲ ਦਿਵਸ 29 ਸਤੰਬਰ ਨੂੰ ਮਨਾਇਆ ਜਾਂਦਾ ਹੈ। ਦੇਸ਼ ਦੇ
ਸ਼ੂਗਰ ਰੋਗ ਮਾਹਰ ਡਾ. ਅਨੂਪ ਮਿਸ਼ਰਾ ਨੇ ਦਸਿਆ ਕਿ ਐਚਡੀਐਲ ਨੂੰ ਚੰਗਾ ਕੋਲੇਸਟਰੋਲ ਮੰਨਿਆ
ਜਾਂਦਾ ਹੈ ਕਿਉਂਕਿ ਇਹ ਖ਼ੂਨ ਦਾ ਪ੍ਰਵਾਹ ਕਰਨ ਵਾਲੀਆਂ ਧਮਨੀਆਂ ਯਾਨੀ ਆਰਟਰੀ ਦੀ ਕੰਧ ਤੋਂ
ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਇੰਜ ਆਥਰੋਸਕਲੇਰੋਸਿਸ (ਫ਼ੈਟ ਵਧਣ ਨਾਲ
ਧਮਣੀਆਂ ਦੀ ਕੰਧ ਦਾ ਮੋਟਾ ਹੋ ਜਾਣਾ) ਤੋਂ ਬਚਾਉਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ
ਖ਼ਤਰਾ ਰਹਿੰਦਾ ਹੈ। ਲਗਾਤਾਰ ਸਰੀਰਕ ਕਸਤਰ ਅਤੇ ਖਾਣਪੀਣ ਵਿਚ ਸੁਧਾਰ ਨਾਲ ਇਸ ਨੂੰ ਸਹੀ
ਰਖਿਆ ਜਾ ਸਕਦਾ ਹੈ।
ਦਿੱਲੀ ਦੇ ਫ਼ੋਰਟਿਸ ਸੀਡੌਕ ਹਸਪਤਾਲ ਦੇ ਚੇਅਰਮੈਨ ਡਾ. ਮਿਸ਼ਰਾ
ਨੇ ਕਿਹਾ ਕਿ ਸ਼ਾਕਾਹਾਰੀ ਲੋਕ ਆਮ ਤੌਰ 'ਤੇ ਹਰੀ ਸਬਜ਼ੀਆਂ, ਫੱਲ ਅਤੇ ਸੁੱਕੇ ਮੇਵੇ ਖਾਂਦੇ
ਹਨ ਜਿਸ ਨਾਲ ਸਰੀਰ ਵਿਚ ਸੈਚੂਰੇਟਿਡ ਫ਼ੈਟ ਯਾਨੀ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ।
ਫ਼ਾਈਬਰ, ਪ੍ਰੋਟੀਨ ਆਦਿ ਹੋਣ ਕਾਰਨ ਇਹ ਆਹਾਰ ਫ਼ਾਇਦੇਮੰਦ ਹੁੰਦੇ ਹਨ ਅਤੇ ਖ਼ਰਾਬ ਕੋਲੇਸਟੋਰਲ
ਨੂੰ ਘੱਟ ਕਰਦੇ ਹਨ। ਦੂਜੇ ਪਾਸੇ ਮਾਸਾਹਾਰੀ ਚੀਜ਼ਾਂ ਵਿਚ ਜ਼ਿਆਦਾ ਚਰਬੀ ਅਤੇ ਕੋਲੇਸਟਰੋਲ
ਹੁੰਦਾ ਹੈ ਜੋ ਦਿਲ ਦੀ ਸਿਹਤ ਲਈ ਠੀਕ ਨਹੀਂ ਹੁੰਦਾ।
ਗੁੜਗਾਉਂ ਦੇ ਮੇਦਾਂਤਾ
ਮੈਡੀਸਿਟੀ ਹਸਪਤਾਲ ਦੀ ਡਾਕਟਰ ਕਾਜਲ ਪਾਂਡਿਆ ਨੇ ਕਿਹਾ ਕਿ ਅਸੀਂ ਦਿਨ ਭਰ ਵਿਚ ਜੋ
ਕੋਲੇਸਟਰੋਲ ਅਪਣੇ ਸਰੀਰ ਵਿਚ ਲਿਜਾਂਦੇ ਹਾਂ, ਸਾਨੂੰ ਲਗਾਤਾਰ ਕਸਰਤ ਰਾਹੀਂ ਉਸ ਦੀ ਮਾਤਰਾ
ਨੂੰ ਕੰਟਰੋਲ ਵਿਚ ਰਖਣਾ ਚਾਹੀਦਾ ਹੈ। ਰੋਜ਼ 30 ਮਿੰਟ ਕਸਤਰ ਅਤੇ ਘੱਟੋ ਘੱਟ ਤਿੰਨ
ਕਿਲੋਮੀਟਰ ਸੈਰ ਕਰਨਾ ਮਦਦਗਾਰ ਹੋ ਸਕਦਾ ਹੈ। ਮਠਿਆਈਆਂ ਅਤੇ ਫ਼ੈਟਯੁਕਤ ਚੀਜ਼ਾਂ ਦੀ ਵਰਤੋਂ
ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਤਮਾਕੂ, ਸ਼ਰਾਬ ਆਦਿ ਤੋਂ ਬਚਣ ਦੀ ਲੋੜ ਹੈ। ਫਲਾਂ,
ਹਰੀਆਂ ਸਬਜ਼ੀਆ ਅਤੇ ਅਨਾਜ ਦੀ ਵਰਤੋਂ ਵਧਾਉਣੀ ਚਾਹੀਦੀ ਹੈ। (ਏਜੰਸੀ)