
ਮੁੰਬਈ,
13 ਸਤੰਬਰ: ਭਾਰਤੀ ਅਰਥਚਾਰਾ ਇਸ ਵੇਲੇ ਸੰਘਣੇ ਕੋਹਰੇ ਦੇ ਦੌਰ ਵਿਚੋਂ ਲੰਘ ਰਿਹਾ ਹੈ।
ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਕ੍ਰੈਡਿਟ ਲੁਇਸ ਨੇ ਇਹ ਗੱਲ ਕਹੀ ਹੈ। ਕ੍ਰੈਡਿਟ ਲੁਇਸ
ਇੰਡੀਆ ਦੇ ਇਕੁਇਟੀ ਰਣਨੀਤੀਕਾਰ ਨੀਲਕੰਠ ਮਿਸ਼ਰਾ ਨੇ ਕਿਹਾ ਕਿ ਜੀ.ਐਸ.ਟੀ. ਸਮੇਤ
ਵੱਖੋ-ਵੱਖ ਢਾਂਚਾਗਤ ਸੁਧਾਰਾਂ ਕਰ ਕੇ ਨੇੜ ਭਵਿੱਖ 'ਚ ਵਿਕਾਸ ਦਰ, ਵਿੱਤੀ ਸਿਹਤ,
ਮਹਿੰਗਾਈ ਦਰ, ਮੁਦਰਾ ਅਤੇ ਬੈਂਕਿੰਗ ਪ੍ਰਣਾਲੀ ਨੂੰ ਲੈ ਕੇ ਡੂੰਘੀ ਅਨਿਸ਼ਚਿਤਤਾ ਦੀ ਸਥਿਤੀ
ਪੈਦਾ ਹੋਈ ਹੈ।
ਮਿਸ਼ਰਾ ਨੇ ਕਿਹਾ ਕਿ ਕੁਲ ਆਰਥਕ ਮੋਰਚੇ 'ਤੇ ਅਨਿਸ਼ਚਿਤਤਾ ਕਰ ਕੇ ਭਾਰਤੀ ਅਰਥਚਾਰਾ ਸੰਘਣੇ ਕੋਹਰੇ ਵਿਚੋਂ ਲੰਘ ਰਿਹਾ ਹੈ। ਇਸ ਨਾਲ ਨਿਵੇਸ਼ ਪ੍ਰਭਾਵਤ ਹੋਵੇਗਾ ਜਿਸ ਨਾਲ ਵਿਕਾਸ ਦਰ ਹੇਠਾਂ ਆਵੇਗੀ। ਜੀ.ਡੀ.ਪੀ. ਵੀ ਘਟੇਗੀ ਅਤੇ ਅਗਲੇ ਵਿੱਤੀ ਵਰ੍ਹੇ ਲਈ ਆਮਦਨ ਦਾ ਅੰਦਾਜ਼ਾ ਵੀ ਪ੍ਰਭਾਵਤ ਹੋਵੇਗਾ।
ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਇਕ ਅਜਿਹਾ ਘਰ ਹੈ ਜਿਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਮਿਸ਼ਰਾ ਨੇ ਕਿਹਾ ਕਿ ਭਾਰਤੀ ਅਰਥਚਾਰੇ ਦੇ ਢਾਂਚੇ 'ਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਜਿਵੇਂ ਲੱਖਾਂ ਦੀ ਗਿਣਤੀ 'ਚ ਮਜ਼ਦੂਰ ਖੇਤੀਬਾੜੀ 'ਚੋਂ ਹਟੇ ਹਨ, ਜੀ.ਐਸ.ਟੀ. ਲਾਗੂ ਕੀਤਾ ਗਿਆ ਹੈ, ਰੀਅਲ ਅਸਟੇਟ (ਰੈਗੂਲੇਸ਼ਨ ਅਤੇ ਵਿਕਾਸ) ਕਾਨੂੰਨ ਅਤੇ ਦਿਵਾਲੀਆ ਸੰਹਿਤਾ ਲਾਗੂ ਕੀਤੀ ਗਈ ਹੈ। ਇਹ ਸੱਭ ਉਸ ਬੁਰੇ ਚੱਕਰ ਨੂੰ ਤੋੜ ਰਹੇ ਹਨ ਜਿਸ 'ਚ ਅਰਥਚਾਰ ਬੱਝਿਆ ਹੋਇਆ ਸੀ।
ਵਿੱਤੀ ਸੇਵਾ
ਖੇਤਰ ਦੀ ਕੰਪਨੀ ਨੇ ਨਿਚੋੜ ਕਢਿਆ ਹੈ ਕਿ ਸਰਕਾਰੀ ਖ਼ਰਚ ਵਾਧਾ ਤੇਜ਼ੀ ਨਾਲ ਘੱਟ ਹੋ ਰਿਹਾ
ਹੈ ਜਦਕਿ ਅੱਧੀ ਆਬਾਦੀ ਦੀ ਆਮਦਨ 'ਚ ਵਾਧਾ ਕਾਫ਼ੀ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਚੰਗੇ
ਮਾਨਸੂਨ ਅਤੇ 2016-17 'ਚ ਖੇਤੀ ਖੇਤਰ 'ਚ ਗਤੀਵਿਧੀਆਂ ਵਧਣ ਦੇ ਬਾਵਜੂਦ ਅਨਾਜ ਦੀਆਂ
ਕੀਮਤਾਂ 'ਚ ਨਰਮੀ ਦੇ ਖੇਤਰ ਦੇ ਉਤਪਾਦਨ ਦਾ ਕੁਲ ਮੁੱਲ ਕਮਜ਼ੋਰ ਰਿਹਾ ਹੈ। ਰਿਜ਼ਰਵ ਬੈਂਕ
ਵਲੋਂ ਵਿਆਜ ਦਰਾਂ 'ਚ ਕਟੌਤੀ ਬਾਰੇ ਪੁੱਛੇ ਜਾਣ 'ਤੇ ਮਿਸ਼ਰਾ
ਨੇ ਕਿਹਾ ਕਿ ਅਰਥਚਾਰਾ ਅਨਿਸ਼ਚਿਤਤਾ ਦੇ ਦੌਰ 'ਚ ਹੈ ਅਤੇ ਅਜਿਹੇ 'ਚ ਅਗਲੇ ਤਿੰਨ-ਚਾਰ
ਮਹੀਨਿਆਂ ਤਕ ਵਿਆਜ ਦਰਾਂ 'ਚ ਕਟੌਤੀ ਨਹੀਂ ਹੋਵੇਗੀ। ਅਸੀ ਵਿਆਜ ਦਰਾਂ 'ਚ ਅਰਥਪੂਰਨ
ਕਟੌਤੀ ਅਗਲੇ 9 ਤੋਂ 12 ਮਹੀਨਿਆਂ 'ਚ ਹੀ ਵੇਖਾਂਗੇ। (ਪੀਟੀਆਈ)