
ਦਾਦਰ ਕਲਾਂ, 12 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਨੇ ਅੱਜ ਮਿਰਜ਼ਾਪੁਰ ਜ਼ਿਲ੍ਹੇ ਵਿਚ ਯੂਪੀ ਦੇ ਸੱਭ ਤੋਂ ਵੱਡੇ ਸੌਰ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਮੈਕਰਾਨ ਅਤੇ ਉਨ੍ਹਾਂ ਦੀ ਪਤਨੀ ਬਿਰਗਿਟ ਦੀ ਮੋਦੀ, ਯੂਪੀ ਦੇ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅਗਵਾਈ ਕੀਤੀ। ਫਿਰ ਉਹ ਦਾਦਰ ਕਲਾਂ ਲਈ ਰਵਾਨਾ ਹੋਏ ਜਿਥੇ ਮੋਦੀ ਤੇ ਮੈਕਰਾਨ ਨੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਦੋਹਾਂ ਆਗੂਆਂ ਨੇ ਬਟਨ ਦਬਾ ਕੇ 75 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਪਲਾਂਟ ਦਾ ਉਦਘਾਟਨ ਕੀਤਾ।
ਪਿੰਡ ਦੀ 380 ਏਕੜ ਤੋਂ ਵੱਧ ਜ਼ਮੀਨ ਵਿਚ ਫੈਲੇ ਪਲਾਂਟ ਵਿਚ ਕਰੀਬ ਇਕ ਲੱਖ 19 ਹਜ਼ਾਰ ਸੌਰ ਪੈਨਲ ਲੱਗੇ ਹਨ। ਇਸ ਦਾ ਨਿਰਮਾਣ ਫ਼ਰਾਂਸ ਦੀ ਕੰਪਨੀ ਨੇ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਹੈ। ਇਸ ਪਲਾਂਟ ਵਿਚ ਹਰ ਸਾਲ 15.6 ਕਰੋੜ ਯੂਨਿਟ ਅਤੇ ਹਰ ਮਹੀਨੇ ਇਕ ਕਰੋੜ 30 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ। ਪੈਦਾ ਹੋਈ ਬਿਜਲੀ ਨੂੰ ਮਿਰਜ਼ਾਪੁਰ ਦੇ ਜਿਗਨਾ ਵਿਚ ਪੈਂਦੇ ਯੂਪੀ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਿਜਲੀ ਉਪ ਕੇਂਦਰ ਦੇ ਹਵਾਲੇ ਕੀਤਾ ਜਾਵੇਗਾ। ਇਸ ਵਕਤ ਭਾਰਤ ਦੀ ਊਰਜਾ ਸਮਰੱਥਾ ਕਰੀਬ 63 ਗੀਗਾਵਾਟ ਹੈ। ਪ੍ਰਧਾਨ ਮੰਤਰੀ ਨੇ ਕਲ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਕਾਨਫ਼ਰੰਸ ਵਿਚ ਦੇਸ਼ ਦੇ ਊਰਜਾ ਭੰਡਾਰ ਵਿਚ ਇਜ਼ਾਫ਼ਾ ਕਰਨ ਲਈ ਸੌਰ ਊਰਜਾ ਪ੍ਰਾਜੈਕਟਾਂ ਵਿਚ ਨਿਵੇਸ਼ ਹੋਰ ਜ਼ਿਆਦਾ ਵਧਾਉਣ ਦੀ ਲੋੜ 'ਤੇ ਜ਼ੋਰ ਦਿਤਾ ਸੀ। ਇਸ ਅਲਾਇੰਸ ਦਾ ਮੁੱਖ ਉਦੇਸ਼ ਦੁਨੀਆਂ ਵਿਚ ਇਕ ਹਜ਼ਾਰ ਗੀਗਾਵਾਟ ਸੌਰ ਊਰਜਾ ਉਤਪਾਦਨ ਸਮਰੱਥਾ ਪੈਦਾ ਕਰਨ ਹੈ। (ਏਜੰਸੀ)