
ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤ ਦੀ ਰੂਹ, ਬਹੁਧਰਮੀ ਸਭਿਆਚਾਰ ਅਤੇ ਸਹਿਣਸ਼ੀਲਤਾ
ਨਵੀਂ ਦਿੱਲੀ, 24 ਜੁਲਾਈ : ਸੇਵਾ ਮੁਕਤ ਹੋ ਰਹੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤ ਦੀ ਰੂਹ, ਬਹੁਧਰਮੀ ਸਭਿਆਚਾਰ ਅਤੇ ਸਹਿਣਸ਼ੀਲਤਾ ਵਿਚ ਵਸਦੀ ਹੈ ਅਤੇ ਸਾਡਾ ਮੁਲਕ ਇਕ ਧਰਤੀ ਦਾ ਟੁਕੜਾ ਨਹੀਂ ਹੈ ਸਗੋਂ ਇਥੇ ਵਿਚਾਰਾਂ, ਬੌਧਿਕਤਾ, ਸਨਅਤੀ ਹੁਨਰ ਅਤੇ ਤਜਰਬੇ ਦਾ ਇਤਿਹਾਸ ਕਾਇਮ ਹੈ।
ਸੇਵਾ ਮੁਕਤ ਹੋਣ ਦੀ ਪੂਰਬਲੀ ਸ਼ਾਮ ਦੇਸ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਪਸੀ ਪਿਆਰ ਅਤੇ ਮਿਲਵਰਤਨ ਸਾਡੀ ਸਭਿਅਤਾ ਦੀ ਸੱਚੀ ਨੀਂਹ ਹੈ ਪਰ ਰੋਜ਼ਾਨਾ ਸਾਡੇ ਆਲੇ-ਦੁਆਲੇ ਵਾਪਰਦੀਆਂ ਹਿੰਸਕ ਘਟਨਾਵਾਂ ਦੀ ਜੜ੍ਹ ਅਨਪੜ੍ਹਤਾ, ਡਰ ਅਤੇ ਬੇਵਿਸਾਹੀ ਹੈ।
ਉਨ੍ਹਾਂ ਨੇ ਸਿੱਧੇ ਤੌਰ 'ਤੇ ਦੁਨੀਆਂ ਵਿਚ ਵਧਦੀ ਹਿੰਸਾ ਬਾਰੇ ਕਿਹਾ ਕਿ ਸਾਨੂੰ ਅਪਣੇ ਲੋਕ ਸੰਵਾਦ ਨੂੰ ਸਰੀਰਕ ਅਤੇ ਜ਼ੁਬਾਨੀ ਦੋਹਾਂ ਤਰੀਕਿਆਂ ਦੀ ਹਿੰਸਾ ਤੋਂ ਮੁਕਤ ਕਰਨਾ ਹੋਵੇਗਾ। ਦੇਸ਼ ਦੇ 13ਵੇਂ ਰਾਸ਼ਟਰਪਤੀ ਵਜੋਂ ਕਾਰਜਕਾਲ ਪੂਰਾ ਕਰ ਚੁੱਕੇ ਪ੍ਰਣਬ ਮੁਖਰਜੀ ਨੇ ਕਿਹਾ ਕਿ ਇਕ ਅਹਿੰਸਕ ਸਮਾਜ ਹੀ ਜਮਹੂਰੀ ਪ੍ਰਕਿਰਿਆ ਵਿਚ ਸਾਰੇ ਵਰਗਾਂ, ਖ਼ਾਸ ਤੌਰ 'ਤੇ ਪਛੜੇ ਵਰਗਾਂ ਨੂੰ ਦੀ ਭਾਈਵਾਲੀ ਯਕੀਨੀ ਬਣਾ ਸਕਦਾ ਹੈ। ਸਾਨੂੰ ਇਕ ਹਮਦਰਦੀ ਵਾਲੇ ਅਤੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਲਈ ਅਹਿੰਸਾ ਦੀ ਤਾਕਤ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ। (ਏਜੰਸੀ)