
ਪੰਜ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਮਾਯੂਸੀ ਦੇ ਆਲਮ ਵਿਚੋਂ ਬਾਹਰ ਨਿਕਲ ਕੇ ਹੁਣ ਅਕਾਲੀ ਦਲ ਨੇ ਅਪਣੇ ਵਰਕਰਾਂ ਤੇ ਜ਼ਿਲ੍ਹਾ ਪੱਧਰ ਦੇ
ਚੰਡੀਗੜ੍ਹ, 31 ਜੁਲਾਈ (ਜੀ.ਸੀ. ਭਾਰਦਵਾਜ) : ਪੰਜ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਮਾਯੂਸੀ ਦੇ ਆਲਮ ਵਿਚੋਂ ਬਾਹਰ ਨਿਕਲ ਕੇ ਹੁਣ ਅਕਾਲੀ ਦਲ ਨੇ ਅਪਣੇ ਵਰਕਰਾਂ ਤੇ ਜ਼ਿਲ੍ਹਾ ਪੱਧਰ ਦੇ ਲੀਡਰਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਅੰਦਰ ਹੌਸਲਾ ਭਰਨ ਲਈ ਮੁਹਿੰਮ ਛੇੜ ਦਿਤੀ ਹੈ।
ਅਕਾਲੀ ਦਲ ਦੇ ਲੀਡਰਾਂ, ਵਰਕਰਾਂ ਸਮੇਤ ਹਮਾਇਤੀਆਂ ਵਿਰੁਧ 100 ਤੋਂ ਵੱਧ ਝੂਠੇ ਕੇਸ ਦਰਜ ਕਰਨ ਅਤੇ ਗੁਰਦਾਸਪੁਰ, ਤਰਨ ਤਾਰਨ, ਮੋਗਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਕਤਲਾਂ ਦੀ ਮਿਸਾਲ ਦਿੰਦਿਆਂ ਸੀਨੀਅਰ ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚਾਰ ਮਹੀਨੇ ਪੁਰਾਣੀ ਕਾਂਗਰਸ ਸਰਕਾਰ ਨੇ ਫਿਰ 2002-07 ਵਾਲੀ ਆਦਤ ਅਤੇ ਮਾਨਸਿਕਤਾ ਵਿਖਾਉਣੀ ਸ਼ੁਰੂ ਕਰ ਦਿਤੀ ਹੈ। ਖੇਮਕਰਨ ਵਿਚ ਅਕਾਲੀ ਵਰਕਰ ਦਾ ਕਤਲ, ਗੁਰੂ ਹਰ ਸਹਾਇ, ਫ਼ਿਰੋਜ਼ਪੁਰ ਵਿਚ ਵੀ ਕਤਲ ਅਤੇ ਪਰਚੇ ਦਰਜ ਕਰ ਕੇ ਡੇਰਾ ਬਾਬਾ ਨਾਨਕ, ਕਾਦੀਆਂ, ਫ਼ਤਿਹਗੜ੍ਹ ਚੂੜੀਆਂ, ਗੁਰਦਾਸਪੁਰ, ਬਟਾਲਾ, ਫੇਰੂ ਚੱਕ ਵਿਚ ਅਕਾਲੀਆਂ ਦੇ ਕਤਲ, ਮਾਰਕੁਟਾਈ ਅਤੇ ਹੋਰ ਧੱਕੇਸ਼ਾਹੀ ਕਰ ਕੇ ਕਾਂਗਰਸ ਸਰਕਾਰ ਨੇ ਸਬੂਤ ਦਿਤਾ ਹੈ ਕਿ ਉਹ ਇਕ ਵਾਰ ਫਿਰ ਸਿਆਸੀ ਅਤੇ ਸਮਾਜਕ ਕਦਰਾਂ ਕੀਮਤਾਂ ਤੋਂ ਹੇਠਾਂ ਡਿੱਗ ਚੁੱਕੀ ਹੈ।
ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਹੁਣ ਇਨ੍ਹਾਂ ਜ਼ੁਲਮਾਂ ਵਿਰੁਧ ਕਸਬਾ, ਜ਼ਿਲ੍ਹਾ ਪੱਧਰ 'ਤੇ ਵੱਡੇ ਇਕੱਠ ਕਰਨ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਚ ਮੈਮੋਰੰਡਮ ਦੇਣ ਦੇ ਲੋਕਤੰਤਰੀ ਕਦਮ ਤਾਂ ਉਠਾਉਂਦਾ ਰਹੇਗਾ ਪਰ ਅਪਣੇ ਲੀਡਰਾਂ, ਵਰਕਰਾਂ, ਹਮਾਇਤੀਆਂ ਤੇ ਆਮ ਲੋਕਾਂ ਦੇ ਹੱਕ ਵਿਚ ਵੀ ਨਿਤਰ ਕੇ ਕੰਮ ਕਰਨਾ ਜਾਰੀ ਰੱਖੇਗਾ।
ਵੱਡੇ ਇਕੱਠਾਂ ਤੋਂ ਇਲਾਵਾ ਆਉਂਦੇ ਦਿਨਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੈਟਰਨ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਤਿੰਨ ਰੈਲੀਆਂ ਕਰ ਰਹੇ ਹਨ ਜਿਨ੍ਹਾਂ ਵਿਚ ਸੱਤ ਅਗੱਸਤ ਦੀ ਬਾਬਾ ਬਕਾਲਾ-ਰੱਖੜ ਪੁੰਨਿਆ ਦੀ ਰੈਲੀ, 15 ਅਗੱਸਤ ਦੀ ਈਸੜੂ ਰੈਲੀ ਅਤੇ 20 ਅਗੱਸਤ ਦੀ ਲੌਂਗੋਵਾਲ-ਸੰਗਰੂਰ ਵਾਲੀ ਵੱਡੀ ਰੈਲੀ ਸ਼ਾਮਲ ਹੈ। ਡਾ. ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਅੱਗੇ ਹੋ ਕੇ ਡੇਰਾ ਬਾਬਾ ਨਾਨਕ ਵਿਚ ਵੱਡਾ ਇਕੱਠ ਕੀਤਾ, ਅਗਲੇ ਦਿਨ 28 ਜੁਲਾਈ ਨੂੰ ਕਾਦੀਆਂ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਕੀਤਾ, ਅੱਜ 31 ਜੁਲਾਈ ਨੂੰ ਫ਼ਤਿਹਗੜ੍ਹ ਚੂੜੀਆਂ, ਭਲਕੇ ਗੁਰਦਾਸਪੁਰ, ਪਰਸੋਂ ਬਟਾਲੇ ਵਿਚ ਵੱਡੀ ਮੀਟਿੰਗ ਰੱਖੀ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਵੱਡੇ ਅਕਾਲੀ ਲੀਡਰ ਨਿਰਮਲ ਸਿੰਘ ਕਾਹਲੋਂ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਹੋਰ ਨੇਤਾ ਵੀ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨਗੇ ਅਤੇ ਉਤਸ਼ਾਹਤ ਵੀ ਕਰਨਗੇ।