ਪੂਰੇ ਦੇਸ਼ ’ਚ ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ
Published : Jun 1, 2024, 9:54 pm IST
Updated : Jun 1, 2024, 10:03 pm IST
SHARE ARTICLE
Lok Sabha elections. (Photo: PTI)
Lok Sabha elections. (Photo: PTI)

ਪੰਜਾਬ ’ਚ 55.69 ਫ਼ੀ ਸਦੀ, ਜਦਕਿ ਚੰਡੀਗੜ੍ਹ ’ਚ 62.80 ਫ਼ੀ ਸਦੀ ਵੋਟਾਂ ਪਈਆਂ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਖ਼ਤਮ ਹੋਣ ਨਾਲ ਹੀ ਦੇਸ਼ ’ਚ 19 ਅਪ੍ਰੈਲ ਤੋਂ ਸ਼ੁਰੂ ਹੋਇਆ ਚੋਣਾਂ ਦਾ ਅਮਲ ਪੂਰਾ ਹੋ ਗਿਆ ਹੈ। ਵੋਟਾਂ ਦੀ ਗਿਣਤੀ ਮੰਗਲਵਾਰ 4 ਜੂਨ ਨੂੰ ਹੋਵੇਗੀ। 

ਸੱਤਵੇਂ ਅਤੇ ਆਖਰੀ ਪੜਾਅ ’ਚ 59.15 ਫ਼ੀ ਸਦੀ ਵੋਟਿੰਗ ਹੋਈ। ਪਛਮੀ ਬੰਗਾਲ ਦੇ ਸੰਦੇਸ਼ਖਾਲੀ ਇਲਾਕੇ ’ਚ ਤਿ੍ਰਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹਮਾਇਤੀਆਂ ਦੇ ਵਿਚਕਾਰ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਅਤੇ ਕੁੱਝ ਵੋਟਿੰਗ ਕੇਂਦਰਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ’ਚ ਗੜਬੜੀ ਅਤੇ ਧਾਂਦਲੀ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। 

ਸਖ਼ਤ ਗਰਮੀ ਦੇ ਵਿਚਕਾਰ ਵਾਰਾਣਸੀ ਸੰਸਦੀ ਹਲਕੇ ’ਚ ਵੀ ਵੋਟਾਂ ਪਈਆਂ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ, ਪੰਜਾਬ ਦੀਆਂ ਸਾਰੀਆਂ 13 ਅਤੇ ਹਿਮਾਚਲ ਪ੍ਰਦੇਸ਼ ਦੀਆਂ ਚਾਰ, ਉੱਤਰ ਪ੍ਰਦੇਸ਼ ਦੀਆਂ 13, ਪਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ਸਮੇਤ 57 ਸੀਟਾਂ ’ਤੇ ਵੋਟਾਂ ਪਈਆਂ। ਓਡੀਸ਼ਾ ਦੀਆਂ ਬਾਕੀ 42 ਵਿਧਾਨ ਸਭਾ ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਛੇ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਵੀ ਵੋਟਾਂ ਪਈਆਂ। 

ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀ ਵਿਧਾਨ ਸਭਾ ਲਈ ਵੀ ਵੋਟਿੰਗ ਹੋਈ। ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਲੋਕ ਸਭਾ ਚੋਣਾਂ ’ਚ ਲਗਾਤਾਰ ਤੀਜੀ ਵਾਰ ਜਿੱਤ ਕੇ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਰੋਧੀ ‘ਇੰਡੀਆ’ ਗੱਠਜੋੜ ਕੁੱਝ ਸੂਬਿਆਂ ’ਚ ਸਾਂਝੀ ਲੜਾਈ ਲੜ ਕੇ ਐਨ.ਡੀ.ਏ. ਦਾ ਮੁਕਾਬਲਾ ਕਰ ਰਿਹਾ ਹੈ। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ, ਜਦਕਿ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 2 ਜੂਨ ਨੂੰ ਹੋਵੇਗੀ। 

ਵੋਟਾਂ ਦਾ ਫ਼ੀ ਸਦੀ ਦਸਣ ਵਾਲੇ ਚੋਣ ਕਮਿਸ਼ਨ ਦੀ ਇਕ ‘ਐਪ’ ’ਤੇ ਰਾਤ 8 ਵਜੇ ਤਕ ਜਾਰੀ ਅੰਕੜਿਆਂ ਅਨੁਸਾਰ ਆਖ਼ਰੀ ਪੜਾਅ ’ਚ ਵੋਟਿੰਗ ਫ਼ੀ ਸਦੀ 59.15 ਰਿਹਾ। ਪੰਜਾਬ ’ਚ 55.69 ਫ਼ੀ ਸਦੀ, ਜਦਕਿ ਚੰਡੀਗੜ੍ਹ ’ਚ 62.80 ਫ਼ੀ ਸਦੀ ਵੋਟਾਂ ਪਈਆਂ। ਓਡੀਸ਼ਾ ’ਚ ਲਗਭਗ 63.21 ਫ਼ੀ ਸਦੀ ਵੋਟਾਂ ਪਈਆਂ। ਝਾਰਖੰਡ ’ਚ ਕਰੀਬ 69.03 ਫ਼ੀ ਸਦੀ ਵੋਟਾਂ ਪਈਆਂ। ਉੱਤਰ ਪ੍ਰਦੇਸ਼ ’ਚ 55.60 ਫ਼ੀ ਸਦੀ, ਪਛਮੀ ਬੰਗਾਲ ’ਚ 69.89 ਫ਼ੀ ਸੀਦ, ਬਿਹਾਰ ’ਚ 49.58 ਅਤੇ ਹਿਮਾਚਲ ਪ੍ਰਦੇਸ਼ ’ਚ 67.39 ਫ਼ੀ ਸਦੀ ਵੋਟਾਂ ਪਈਆਂ। 

ਆਮ ਚੋਣਾਂ ਦੇ ਪਹਿਲੇ ਛੇ ਪੜਾਵਾਂ ’ਚ ਕ੍ਰਮਵਾਰ 66.14 ਫੀ ਸਦੀ, 66.71 ਫੀ ਸਦੀ, 65.68 ਫੀ ਸਦੀ , 69.16 ਫੀ ਸਦੀ , 62.2 ਫੀ ਸਦੀ ਅਤੇ 63.36 ਫੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਅਤੇ ਜ਼ਿੰਮੇਵਾਰੀ ਅਤੇ ਮਾਣ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਸੀ। 

ਪਛਮੀ ਬੰਗਾਲ ’ਚ ਕਈ ਥਾਈਂ ਹਿੰਸਾ

ਪਛਮੀ ਬੰਗਾਲ ਦੇ ਸੰਦੇਸ਼ਖਾਲੀ ’ਚ ਚੋਣਾਂ ’ਚ ਹੇਰਾਫੇਰੀ ਦੇ ਦੋਸ਼ਾਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਹੋ ਗਈ। ਭਾਜਪਾ ਉਮੀਦਵਾਰ ਰੇਖਾ ਪਾਤਰਾ ਨੇ ਦੋਸ਼ ਲਾਇਆ ਕਿ ਟੀ.ਐਮ.ਸੀ. ਦੇ ਗੁੰਡਿਆਂ ਨੇ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ। ਤ੍ਰਿਣਮੂਲ ਕਾਂਗਰਸ ਨੇ ਪਾਤਰਾ ਅਤੇ ਭਾਜਪਾ ਦੇ ਗੁੰਡਿਆਂ ’ਤੇ ਚੋਣ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਜਦੋਂ ਬਸੰਤੀ ਐਕਸਪ੍ਰੈਸ ਹਾਈਵੇਅ ’ਤੇ ਦੋਹਾਂ ਸਮੂਹਾਂ ਵਿਚਾਲੇ ਝਗੜਾ ਹੋਇਆ ਤਾਂ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। 

ਬਸ਼ੀਰਹਾਟ ਦੇ ਪੁਲਿਸ ਸੁਪਰਡੈਂਟ ਹੁਸੈਨ ਮਹਿਦੀ ਰਹਿਮਾਨ ਨੇ ਦਸਿਆ ਕਿ ਸੰਦੇਸ਼ਖਾਲੀ ਦੇ ਬਯਾਰਾਮਰੀ ’ਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ। ਜਾਦਵਪੁਰ ਅਤੇ ਡਾਇਮੰਡ ਹਾਰਬਰ ਹਲਕਿਆਂ ਵਿਚ ਵੱਖ-ਵੱਖ ਥਾਵਾਂ ’ਤੇ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪਾਂ ਵੀ ਹੋਈਆਂ। 

ਜਾਦਵਪੁਰ ’ਚ ਵੀ ਝੜਪਾਂ ਹੋਈਆਂ ਜਿਥੇ ਤ੍ਰਿਣਮੂਲ ਕਾਂਗਰਸ, ਆਈ.ਐਸ.ਐਫ. (ਇੰਡੀਅਨ ਸੈਕੂਲਰ ਫਰੰਟ) ਅਤੇ ਭਾਜਪਾ ਸਮਰਥਕਾਂ ਨੇ ਇਕ ਦੂਜੇ ’ਤੇ ਦੇਸੀ ਬੰਬ ਸੁੱਟਣ ਦਾ ਦੋਸ਼ ਲਾਇਆ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਅਤੇ ਕਈ ਦੇਸੀ ਬੰਬ ਜ਼ਬਤ ਕੀਤੇ। 

ਇਨ੍ਹਾਂ ਸੀਟਾਂ ’ਤੇ ਰਹੇਗੀ ਸਭ ਦੀ ਨਜ਼ਰ

ਸਤਵੇਂ ਪੜਾਅ ’ਚ ਕੁਲ 904 ਉਮੀਦਵਾਰ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ’ਚ ਦਰਜ ਹੋ ਗਿਆ ਹੈ। ਇਨ੍ਹਾਂ ’ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ, ਕੌਮੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਅਤੇ ਅਦਾਕਾਰਾ ਕੰਗਨਾ ਰਣੌਤ ਸ਼ਾਮਲ ਹਨ। ਇਸ ਪੜਾਅ ’ਚ ਲਗਭਗ 5.24 ਕਰੋੜ ਪੁਰਸ਼ਾਂ, 4.82 ਕਰੋੜ ਔਰਤਾਂ ਅਤੇ 3,574 ਟਰਾਂਸਜੈਂਡਰ ਵੋਟਰਾਂ ਸਮੇਤ 10.06 ਕਰੋੜ ਤੋਂ ਵੱਧ ਨਾਗਰਿਕ ਵੋਟ ਪਾਉਣ ਦੇ ਯੋਗ ਹਨ। 

ਬਿਹਾਰ ਦੀਆਂ ਅੱਠ ਲੋਕ ਸਭਾ ਸੀਟਾਂ ਦੇ ਨਾਲ-ਨਾਲ ਅਗਿਆਓਂ ਵਿਧਾਨ ਸਭਾ ਸੀਟ ’ਤੇ ਵੀ ਜ਼ਿਮਨੀ ਚੋਣ ਹੋਈ। ਕੇਂਦਰੀ ਮੰਤਰੀ ਆਰ.ਕੇ. ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੀ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਹਨ। 

ਝਾਰਖੰਡ ਦੀਆਂ ਦੁਮਕਾ, ਰਾਜਮਹਿਲ ਅਤੇ ਗੋਡਾ ਸੀਟਾਂ ’ਤੇ ਇਸ ਪੜਾਅ ’ਚ ਵੋਟਿੰਗ ਹੋ ਰਹੀ ਹੈ। ਸਾਰਿਆਂ ਦੀਆਂ ਨਜ਼ਰਾਂ ਦੁਮਕਾ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਜੇਲ੍ਹ ’ਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ‘ਇੰਡੀਆ’ ਗੱਠਜੋੜ ਦੇ ਨਲਿਨ ਸੋਰੇਨ ਦੇ ਵਿਰੁਧ ਚੋਣ ਲੜ ਰਹੀ ਹੈ। ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੀ ਤਿੰਨ ਵਾਰ ਵਿਧਾਇਕ ਰਹੀ ਸੀਤਾ ਸੋਰੇਨ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਈ ਸੀ। 

ਓਡੀਸ਼ਾ ਦੀਆਂ ਛੇ ਲੋਕ ਸਭਾ ਅਤੇ 42 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਵਿਧਾਨ ਸਭਾ ਸਪੀਕਰ ਪ੍ਰਮਿਲਾ ਮਲਿਕ, ਸਰਕਾਰ ਦੇ ਚੀਫ ਵਿ੍ਹਪ ਪ੍ਰਸ਼ਾਂਤ ਮੁਦੁਲੀ, ਓਡੀਸ਼ਾ ਭਾਜਪਾ ਪ੍ਰਧਾਨ ਮਨਮੋਹਨ ਸਮਾਲ ਅਤੇ ਭਾਜਪਾ ਦੇ ਕੌਮੀ ਉਪ ਪ੍ਰਧਾਨ ਬੈਜਯੰਤ ਪਾਂਡਾ ਚੋਣ ਮੈਦਾਨ ’ਚ ਹਨ। ਪਛਮੀ ਬੰਗਾਲ ਦੀਆਂ ਦਮਦਮ, ਬਾਰਾਸਤ, ਬਸ਼ੀਰਹਾਟ, ਜੈਨਗਰ, ਮਥੁਰਾਪੁਰ, ਡਾਇਮੰਡ ਹਾਰਬਰ, ਜਾਦਵਪੁਰ, ਕੋਲਕਾਤਾ ਦਖਣੀ ਅਤੇ ਕੋਲਕਾਤਾ ਉੱਤਰੀ ਸੀਟਾਂ ’ਤੇ ਵੀ ਵੋਟਿੰਗ ਹੋ ਰਹੀ ਹੈ। 

ਤ੍ਰਿਣਮੂਲ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ, ਸੌਗਤ ਰਾਏ ਅਤੇ ਮਾਲਾ ਰਾਏ, ਭਾਜਪਾ ਦੀ ਸਾਬਕਾ ਕੇਂਦਰੀ ਮੰਤਰੀ ਦੇਬਾਸ਼੍ਰੀ ਚੌਧਰੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਦੇ ਸੀਨੀਅਰ ਨੇਤਾ ਸੁਜਾਨ ਚੱਕਰਵਰਤੀ ਸਮੇਤ ਕਈ ਹੈਵੀਵੇਟ ਉਮੀਦਵਾਰ ਚੋਣ ਮੈਦਾਨ ’ਚ ਹਨ। 
ਉੱਤਰ ਪ੍ਰਦੇਸ਼ ’ਚ 13 ਸੀਟਾਂ ’ਤੇ ਵੋਟਿੰਗ ਹੋਈ, ਜਿਸ ’ਚ 80 ਲੋਕ ਸਭਾ ਮੈਂਬਰ ਭੇਜੇ ਗਏ, ਜੋ ਸਾਰੇ ਸੂਬਿਆਂ ’ਚ ਸੱਭ ਤੋਂ ਵੱਧ ਹਨ। 

ਪੰਜਾਬ ’ਚ ‘ਇੰਡੀਆ’ ਗੱਠਜੋੜ ਦੇ ਭਾਈਵਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵੱਖ-ਵੱਖ ਚੋਣ ਲੜ ਰਹੇ ਹਨ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ 1996 ਤੋਂ ਬਾਅਦ ਪਹਿਲੀ ਵਾਰ ਅਪਣੇ ਦਮ ’ਤੇ ਚੋਣ ਲੜ ਰਹੇ ਹਨ। 

ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ਹਮੀਰਪੁਰ, ਮੰਡੀ, ਕਾਂਗੜਾ ਅਤੇ ਸ਼ਿਮਲਾ ਅਤੇ ਛੇ ਵਿਧਾਨ ਸਭਾ ਸੀਟਾਂ ਸੁਜਾਨਪੁਰ, ਧਰਮਸ਼ਾਲਾ, ਲਾਹੌਲ ਅਤੇ ਸਪੀਤੀ, ਬਰਸਰ, ਗਗਰੇਟ ਅਤੇ ਕੁਟਲੇਹਰ ਲਈ ਉਪ ਚੋਣਾਂ ਹੋ ਰਹੀਆਂ ਹਨ। ਸਾਰਿਆਂ ਦੀਆਂ ਨਜ਼ਰਾਂ ਮੰਡੀ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਭਾਜਪਾ ਦੀ ਕੰਗਨਾ ਰਣੌਤ ਦਾ ਮੁਕਾਬਲਾ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨਾਲ ਹੈ। ਵੋਟਿੰਗ ਦਾ ਸਮਾਂ ਸ਼ਾਮ 6 ਵਜੇ ਖਤਮ ਹੋਣਾ ਸੀ, ਹਾਲਾਂਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਪੋਲਿੰਗ ਸਟੇਸ਼ਨ ’ਤੇ ਪਹੁੰਚਣ ਵਾਲੇ ਵੋਟਰਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੀ ਇਜਾਜ਼ਤ ਦਿਤੀ ਗਈ ਸੀ।

ਪਹਿਲਾਂ ਵੋਟਿੰਗ, ਫਿਰ ਮਾਂ ਦਾ ਅੰਤਿਮ ਸੰਸਕਾਰ : ਬਿਹਾਰ ਦੇ ਪਰਵਾਰ ਨੇ ਕਿਹਾ

ਜਹਾਨਾਬਾਦ: ਬਿਹਾਰ ’ਚ ਇਕ ਬਜ਼ੁਰਗ ਔਰਤ ਦੇ ਪਰਵਾਰਕ ਮੈਂਬਰਾਂ ਨੇ ਪਹਿਲਾਂ ਵੋਟ ਪਾਈ ਅਤੇ ਫਿਰ ਇਕ ਬਜ਼ੁਰਗ ਔਰਤ ਦਾ ਅੰਤਿਮ ਸੰਸਕਾਰ ਕੀਤਾ। ਇਹ ਘਟਨਾ ਜਹਾਨਾਬਾਦ ਜ਼ਿਲ੍ਹੇ ਦੇ ਮਖਦੂਮਪੁਰ ਬਲਾਕ ਦੇ ਦੇਵਕੁਲੀ ਪਿੰਡ ’ਚ ਵਾਪਰੀ। 

ਮ੍ਰਿਤਕ ਦੇ ਬੇਟੇ ਮਿਥਿਲੇਸ਼ ਯਾਦਵ ਨੇ ਪੱਤਰਕਾਰਾਂ ਨੂੰ ਦਸਿਆ, ‘‘ਮੇਰੀ ਮਾਂ ਦਾ ਸਨਿਚਰਵਾਰ ਨੂੰ ਦਿਹਾਂਤ ਹੋ ਗਿਆ। ਉਹ ਕਦੇ ਵਾਪਸ ਨਹੀਂ ਆਵੇਗੀ। ਕੋਈ ਵੀ ਅੰਤਿਮ ਸੰਸਕਾਰ ਲਈ ਉਡੀਕ ਕਰ ਸਕਦਾ ਹੈ ਪਰ ਚੋਣਾਂ ਲਈ ਨਹੀਂ... ਚੋਣਾਂ ਪੰਜ ਸਾਲ ਬਾਅਦ ਹੋਣਗੀਆਂ। ਇਸ ਲਈ ਅਸੀਂ (ਪਰਵਾਰ) ਇਸ ਮਾਮਲੇ ’ਤੇ ਚਰਚਾ ਕੀਤੀ ਅਤੇ ਵੋਟ ਪਾਉਣ ਤੋਂ ਬਾਅਦ ਅਪਣੀ ਮਾਂ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ।’’ਉਨ੍ਹਾਂ ਨੇ ਪੋਲਿੰਗ ਬੂਥ ਨੰਬਰ 115 ’ਤੇ ਅਪਣੀ ਵੋਟ ਪਾਈ ਅਤੇ ਅਪਣੀ ਮਾਂ ਦਾ ਅੰਤਿਮ ਸੰਸਕਾਰ ਕਰਨ ਗਏ।

ਉੱਤਰ ਪ੍ਰਦੇਸ਼ ਦੇ ਪੋਲਿੰਗ ਬੂਥ ’ਤੇ ਸਿਹਤ ਵਿਗੜਨ ਕਾਰਨ ਬਜ਼ੁਰਗ ਦੀ ਮੌਤ 

ਬਲਿਆ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ’ਚ ਇਕ ਪੋਲਿੰਗ ਬੂਥ ’ਤੇ ਸਿਹਤ ਵਿਗੜਨ ਕਾਰਨ 70 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸਿਕੰਦਰਪੁਰ ਦੇ ਸਬ-ਡਵੀਜ਼ਨਲ ਮੈਜਿਸਟਰੇਟ ਰਵੀ ਕੁਮਾਰ ਨੇ ਦਸਿਆ ਕਿ ਚੱਕ ਬਹੂਦੀਨ ਪਿੰਡ ਦੇ ਵਸਨੀਕ ਰਾਮਬਚਨ ਚੌਹਾਨ (70) ਸਲੇਮਪੁਰ ਲੋਕ ਸਭਾ ਹਲਕੇ ਦੇ ਸਿਕੰਦਰਪੁਰ ਵਿਧਾਨ ਸਭਾ ਹਲਕੇ ਦੇ ਚੱਕ ਬਹੂਦੀਨ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਬਣਾਏ ਗਏ ਬੂਥ ਨੰਬਰ 257 ’ਤੇ ਵੋਟ ਪਾਉਣ ਗਏ ਸਨ। ਉਨ੍ਹਾਂ ਨੇ ਦਸਿਆ ਕਿ ਪੋਲਿੰਗ ਬੂਥ ’ਤੇ ਕਤਾਰ ’ਚ ਖੜ੍ਹੇ ਹੋਣ ਤੋਂ ਪਹਿਲਾਂ ਹੀ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਤਾਰ ’ਚ ਖੜ੍ਹੇ ਹੋਣ ਤੋਂ ਬਾਅਦ, ਚੌਹਾਨ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਉੱਥੇ ਡਿੱਗ ਪਏ।

ਝਾਰਖੰਡ: ਭਾਜਪਾ ਉਮੀਦਵਾਰ ਸੀਤਾ ਸੋਰੇਨ ਨੇ ਵੋਟਿੰਗ ਪ੍ਰਕਿਰਿਆ ’ਚ ਬੇਨਿਯਮੀਆਂ ਦਾ ਦੋਸ਼ ਲਾਇਆ 

ਦੁਮਕਾ (ਝਾਰਖੰਡ): ਝਾਰਖੰਡ ਦੀ ਦੁਮਕਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਸੀਤਾ ਸੋਰੇਨ ਨੇ ਸਨਿਚਰਵਾਰ ਨੂੰ ਵੋਟਿੰਗ ਪ੍ਰਕਿਰਿਆ ’ਚ ਬੇਨਿਯਮੀਆਂ ਦਾ ਦੋਸ਼ ਲਗਾਇਆ ਅਤੇ ਹਲਕੇ ’ਚ ਮੁੜ ਵੋਟਿੰਗ ਦੀ ਮੰਗ ਕੀਤੀ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਨੇ ਦਾਅਵਾ ਕੀਤਾ ਕਿ ਵੋਟਿੰਗ ਪ੍ਰਕਿਰਿਆ ’ਚ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਦੁਮਕਾ ਸ਼ਹਿਰੀ ਖੇਤਰ ਦੇ ਕਈ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਉੱਥੇ ਵੋਟਿੰਗ ਪ੍ਰਕਿਰਿਆ ’ਚ ਬੇਨਿਯਮੀਆਂ ਪਾਈਆਂ। ਮੈਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਦਿਤਾ ਹੈ।’’ 

ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਜਿਨ੍ਹਾਂ ਕੋਲ ਕੋਈ ਤਜਰਬਾ ਨਹੀਂ ਹੈ, ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਕਾਰਨ ਵੋਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ, ‘‘ਦੇਰੀ ਜਾਣਬੁਝ ਕੇ ਕੀਤੀ ਗਈ ਹੈ। ਮੈਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇੱਥੇ ਚੋਣਾਂ ਰੱਦ ਕਰਨ ਅਤੇ ਦੁਬਾਰਾ ਚੋਣਾਂ ਕਰਵਾਉਣ ਲਈ ਕਹਾਂਗੀ।’’ ਸੀਤਾ ਨੇ ਬੂਥ ਨੰਬਰ 44 ਅਤੇ 45 ’ਤੇ ਵੋਟਿੰਗ ਪ੍ਰਕਿਰਿਆ ’ਚ ਦੇਰੀ ਬਾਰੇ ਵੋਟਰਾਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਮੁੱਦਾ ਉਠਾਇਆ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਕੇ ਰਵੀ ਕੁਮਾਰ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਤਿੰਨ ਲੋਕ ਸਭਾ ਹਲਕਿਆਂ ਦੁਮਕਾ, ਰਾਜਮਹਿਲ ਅਤੇ ਗੋਡਾ ਵਿਚ ਵੋਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ। 

ਕੁਮਾਰ ਨੇ ਦਸਿਆ ਕਿ ਜੇਕਰ ਸਵੇਰੇ 11 ਵਜੇ ਤਕ ਹੋਈ ਵੋਟਿੰਗ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਦੁਮਕਾ ’ਚ 29.24 ਫੀ ਸਦੀ , ਗੋਡਡਾ ’ਚ 29.39 ਫੀ ਸਦੀ ਅਤੇ ਰਾਜਮਹਿਲ ’ਚ 30.04 ਫੀ ਸਦੀ ਵੋਟਿੰਗ ਦਰਜ ਕੀਤੀ ਗਈ। ਦੁਮਕਾ ਲੋਕ ਸਭਾ ਹਲਕੇ ਦੇ ਅਧੀਨ ਛੇ ਵਿਧਾਨ ਸਭਾ ਖੇਤਰ ਹਨ। ਛੇ ਵਿਧਾਨ ਸਭਾ ਹਲਕਿਆਂ ’ਚੋਂ ਜਾਮਾ ’ਚ 30.12 ਫੀ ਸਦੀ , ਦੁਮਕਾ ’ਚ 28.02 ਫੀ ਸਦੀ , ਜਮਤਾਰਾ ’ਚ 26.41 ਫੀ ਸਦੀ , ਨਾਲਾ ’ਚ 30.62 ਫੀ ਸਦੀ , ਸਰਥ ’ਚ 30.31 ਫੀ ਸਦੀ ਅਤੇ ਸ਼ਿਕਾਰੀਪਾੜਾ ’ਚ 30.71 ਫੀ ਸਦੀ ਵੋਟਿੰਗ ਹੋਈ। 

ਝਾਰਖੰਡ ਦੇ ਸਾਹਿਬਗੰਜ ’ਚ 92 ਸਾਲ ਦੇ ਨੇਤਰਹੀਣ ਵੋਟਰ ਨੇ ਪਹਿਲੀ ਵਾਰ ਪਾਈ ਵੋਟ 

ਰਾਂਚੀ: ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦੇ ਨੇਤਰਹੀਣ ਵੋਟਰ ਖਲੀਲ ਅੰਸਾਰੀ ਨੇ ਸਨਿਚਰਵਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਵੋਟ ਪਾਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਰਾਜਮਹਿਲ ਸੰਸਦੀ ਹਲਕੇ ਦੇ ਬਡਖੋਰੀ ਪਿੰਡ ਦੇ ਵਸਨੀਕ ਅੰਸਾਰੀ ਨੇ ਮੰਡਰੋ ਦੇ ਇਕ ਸਰਕਾਰੀ ਸਕੂਲ ਦੇ ਬੂਥ ਨੰਬਰ 10 ’ਤੇ ਵੋਟ ਪਾਈ। ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਕੇ ਰਵੀ ਕੁਮਾਰ ਨੇ 5 ਅਪ੍ਰੈਲ ਨੂੰ ਮੰਦਰੋ ’ਚ ਪੋਲਿੰਗ ਸਟੇਸ਼ਨਾਂ ਦੀ ਜਾਂਚ ਦੌਰਾਨ ਪਾਇਆ ਕਿ 92 ਸਾਲ ਦੇ ਅੰਸਾਰੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ ਹੈ। ਜਦੋਂ ਕੁਮਾਰ ਨੇ ਅੰਸਾਰੀ ਨੂੰ ਪੁਛਿਆ ਕਿ ਕੀ ਉਹ ਰਜਿਸਟਰਡ ਵੋਟਰ ਹੈ ਤਾਂ ਅੰਸਾਰੀ ਨੇ ਜਵਾਬ ਦਿਤਾ ਕਿ ਉਸ ਨੇ ਕਦੇ ਵੋਟ ਨਹੀਂ ਪਾਈ ਕਿਉਂਕਿ ਉਸ ਦਾ ਨਾਮ ਵੋਟਰ ਸੂਚੀ ਵਿਚ ਨਹੀਂ ਸੀ। ਇਸ ਤੋਂ ਬਾਅਦ ਕੁਮਾਰ ਨੇ ਅਧਿਕਾਰੀਆਂ ਨੂੰ ਅੰਸਾਰੀ ਦਾ ਨਾਮ ਤੁਰਤ ਵੋਟਰ ਸੂਚੀ ’ਚ ਸ਼ਾਮਲ ਕਰਨ ਦੇ ਹੁਕਮ ਦਿਤੇ। ਵੋਟ ਪਾਉਣ ਤੋਂ ਬਾਅਦ ਅੰਸਾਰੀ ਨੇ ਕਿਹਾ, ‘‘ਮੈਂ ਪਹਿਲੀ ਵਾਰ ਵੋਟ ਪਾਈ ਹੈ ਅਤੇ ਮੈਂ ਖੁਸ਼ ਹਾਂ।’’

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement