![Jamia Millia Islamia Jamia Millia Islamia](/cover/prev/05pjnot1aal29isijarhlj6eu6-20241201215001.Medi.jpeg)
ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਰੁਧ ਨਾਅਰੇਬਾਜ਼ੀ ਕਰਨ ਬਾਰੇ ਚਿੰਤਾ ਪ੍ਰਗਟਾਈ
ਨਵੀਂ ਦਿੱਲੀ : ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇ ਕੈਂਪਸ ’ਚ ਅਣਅਧਿਕਾਰਤ ਵਿਰੋਧ ਪ੍ਰਦਰਸ਼ਨਾਂ ਅਤੇ ਨਾਅਰੇਬਾਜ਼ੀ ਨੂੰ ਲੈ ਕੇ ਅਪਣੇ ਵਿਦਿਆਰਥੀਆਂ ਨੂੰ ਸਖਤ ਚੇਤਾਵਨੀ ਦਿਤੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਨੇ 29 ਨਵੰਬਰ ਨੂੰ ਇਕ ਮੈਮੋਰੰਡਮ ਜਾਰੀ ਕੀਤਾ, ਜਿਸ ’ਚ ਵਿਦਿਆਰਥੀਆਂ ਵਲੋਂ ਬਿਨਾਂ ਇਜਾਜ਼ਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਰੁਧ ਨਾਅਰੇਬਾਜ਼ੀ ਕਰਨ ਬਾਰੇ ਚਿੰਤਾ ਪ੍ਰਗਟਾਈ ਗਈ।
ਮੈਮੋਰੰਡਮ ਵਿਚ ਅਗੱਸਤ 2022 ਦੀ ਪਿਛਲੀ ਸਲਾਹ ਨੂੰ ਦੁਹਰਾਇਆ ਗਿਆ ਹੈ, ਜਿਸ ਵਿਚ ਜ਼ੋਰ ਦਿਤਾ ਗਿਆ ਹੈ ਕਿ ਕੈਂਪਸ ਵਿਚ ਸੰਵਿਧਾਨਕ ਸ਼ਖਸੀਅਤਾਂ ਵਿਰੁਧ ਕਿਸੇ ਵੀ ਵਿਰੋਧ ਪ੍ਰਦਰਸ਼ਨ ਜਾਂ ਨਾਅਰੇਬਾਜ਼ੀ ਦੇ ਨਤੀਜੇ ਵਜੋਂ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਯੂਨੀਵਰਸਿਟੀ ਅਧਿਕਾਰੀਆਂ ਨੇ ਸਾਰੇ ਡੀਨਾਂ, ਵਿਭਾਗਾਂ ਦੇ ਮੁਖੀਆਂ ਅਤੇ ਡਾਇਰੈਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪਸ ’ਚ ਵਿਵਸਥਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਅਪਣੇ ਵਿਦਿਆਰਥੀਆਂ ਨੂੰ ਇਸ ਹੁਕਮ ਬਾਰੇ ਸੂਚਿਤ ਕਰਨ।