ਸੂਬਾ ਸਰਕਾਰ ’ਚ ਸਮਝਦਾਰੀ ਦੀ ਘਾਟ ਕਾਰਨ ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ ‘ਚ ਜਾਣ ਨੂੰ ਮਜ਼ਬੂਰ : ਰਾਜਾ ਵੜਿੰਗ
ਜਲੰਧਰ : ਅੱਜ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ ਦੇ ਫ਼ੋਕਲ ਪੁਆਇੰਟ ਇਲਾਕੇ ’ਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ, ਜਿਥੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਜਲੰਧਰ ਤੋਂ ਕਾਂਗਰਸ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਦਯੋਗਪਤੀ ਤੇ ਵਪਾਰੀ ਕਿਸੇ ਵੀ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਨ੍ਹਾਂ ਬਗ਼ੈਰ ਦੇਸ਼ ਤੇ ਸੂਬੇ ਦੀ ਤਰੱਕੀ ਸੰਭਵ ਨਹੀਂ ਇਸ ਲਈ ਸਾਡਾ ਫ਼ਰਜ਼ ਬਣਦਾ ਕੀ ਅਸੀਂ ਤੁਹਾਡੀਆਂ ਸਮੱਸਿਆਵਾਂ ਵੱਲ ਧਿਆਨ ਦਈਏ, ਭਾਂਵੇ ਲੋਕ ਸਭਾ ਹੋਵੇ ਜਾਂ ਵਿਧਾਨ ਸਭਾ ਤੁਹਾਡੀ ਗੱਲ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ’ਚ ਸਮਝਦਾਰੀ ਦੀ ਘਾਟ ਕਾਰਨ ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ ’ਚ ਜਾ ਰਹੀ ਹੈ। ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਹਜ਼ਾਰਾਂ ਕਰੋੜ ਦਾ ਨਿਵੇਸ਼ ਪੰਜਾਬ ’ਚ ਜੋ ਰਿਹਾ ਹੈ ਤਾਂ ਉਸ ਸਮੇਂ ਵੀ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿਹੜੀ ਇੰਡਸਟਰੀ ਦੂਜੇ ਸੂਬਿਆਂ ’ਚ ਜਾ ਰਹੀ ਹੈ ਪਹਿਲਾਂ ਉਹਨਾ ਨੂੰ ਰੋਕਿਆ ਜਾਵੇ।
ਇਹ ਵੀ ਪੜ੍ਹੋ: ਵਿਆਹੁਤਾ ਵਲੋਂ ਖ਼ੁਦ 'ਤੇ ਤੇਲ ਛਿੜਕ ਕੇ ਲਗਾਈ ਅੱਗ, ਮੌਤ
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਕੁੱਝ ਵੀ ਅਸੰਭਵ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਣਕ ਲੈਣ ਵਾਲੇ ਲਾਭਪਾਤਰੀਆਂ ਨੂੰ ਆਟਾ ਨਹੀਂ ਚਾਹੀਦਾ ਜਿਸ ਲਈ ਸਰਕਾਰ ਨੇ 500 ਕਰੋੜ ਦੀ ਤਜਵੀਜ਼ ਰੱਖੀ ਹੈ ਪਰ ਇੰਡਸਟਰੀ ਨੂੰ ਰਾਹਤ ਦੇਣ ਲਈ 100 ਕਰੋੜ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਉਦਯੋਗਪਤੀਆਂ ਦੀ ਲੜਾਈ ਲੜਾਂਗੇ ਤੇ ਮੁਕਾਮ ’ਤੇ ਲੈ ਕੇ ਜਾਵਾਂਗੇ ਕਿਉਂਕਿ ਅਸੀਂ ਤੁਹਾਡੀ ਸਮੱਸਿਆਵਾਂ ਨੂੰ ਸਮਝਦੇ ਹਾਂ।
ਰਾਜਾ ਵੜਿੰਗ ਨੇ ਦਸਿਆ ਕਿ ਕਿਸ ਤਰ੍ਹਾਂ ਉਨ੍ਹਾੰ ਨੇ 4 ਮਹੀਨੇ ਦੇ ਬਤੌਰ ਟਰਾਂਸਪੋਰਟ ਮੰਤਰੀ ਬੱਸ ਮਾਫ਼ੀਆ ਨੂੰ ਨੱਥ ਪਾਉਣ ਲਈ ਕਾਨੂੰਨੀ ਲੜਾਈ ਲੜਨੀ ਪਈ ਤਾਂ ਉਹ ਵੀ ਲੜੀ, ਸਾਡੀ ਸਰਕਾਰ ਨੇ ਚਾਰ ਮਹੀਨਿਆਂ ’ਚ ਬਹੁਤ ਅਜਿਹੇ ਕੰਮ ਕੀਤੇ ਜੋ ਹਰ ਪੰਜਾਬੀ ਲਈ ਲਾਹੇਵੰਦ ਸਾਬਿਤ ਹੋਏ।
ਆਪ ਸਰਕਾਰ ’ਤੇ ਵੱਡਾ ਸ਼ਬਦੀ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਦੋ ਸਾਲਾਂ ’ਚ 66000 ਕਰੋੜ ਦਾ ਕਰਜ਼ਾ ਲੈਣ ਦੀ ਤਜਵੀਜ਼ ਹੈ ਜੇ ਇਸੇ ਤਰੀਕੇ ਨਾਲ ਸਰਕਾਰ ਚਲਦੀ ਰਹੀ ਤਾਂ ਪੰਜਾਬ ਸਿਰ ਢੇਡ ਲੱਖ ਕਰੋੜ ਦਾ ਕਰਜ਼ਾ ਹੋਰ ਚੜ੍ਹ ਜਾਵੇਗਾ ਇਸ ਲਈ ਅੱਜ ਲੋੜ ਹੈ ਸਿਸਟਮ ਨੂੰ ਸੈੱਟ ਕੀਤਾ ਜਾਵੇ। ਵੋਟਾਂ ਨੂੰ ਧਰਮ ਦੇ ਨਾਮ ’ਤੇ ਨਾ ਵੰਡਿਆ ਜਾਵੇ ਕਿਉਂਕਿ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਇਸ ਲਈ ਅਸੀਂ ਪੰਜਾਬੀ ਵਧਾਈ ਦੇ ਪਾਤਰ ਹਾਂ ਕਿ ਸਾਡੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਰਾਜਾ ਵੜਿੰਗ ਨੇ ਅੰਤ ਵਿਚ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਬਹਾਲ ਕਰਨਾ ਬੇਹਦ ਜ਼ਰੂਰੀ ਹੈ ਇਸ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਜਿਤਾਈਏ, ਤੁਹਾਡੀ ਲੜਾਈ ਵਿਧਾਨ ਸਭਾ ਤੇ ਲੋਕ ਸਭਾ ’ਚ ਅਸੀਂ ਲੜਾਂਗੇ।