
ਹਰਸਿਮਰਤ ਬਾਦਲ ਨੇ ਕੀਤਾ ਆਪਣਾ ਬਚਾਅ
ਨਵੀਂ ਦਿੱਲੀ : 17ਵੀਂ ਲੋਕ ਸਭਾ ਸ਼ੈਸਨ 'ਚ ਅੱਜ ਹੋਮੀਓਪੈਥੀ ਕੇਂਦਰੀ ਪ੍ਰੀਸ਼ਦ (ਸੋਧ) ਬਿੱਲ-2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਲ 'ਚ ਹੋਮੀਓਪੈਥੀ ਕੇਂਦਰੀ ਪ੍ਰੀਸ਼ਦ ਦੇ ਮੁੜ ਗਠਨ ਦਾ ਸਮਾਂ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ 'ਚ ਫੈਲ ਰਹੇ ਕੈਂਸਰ ਨੂੰ ਲੈ ਕੇ ਸੂਬੇ ਦੇ ਲੋਕ ਸਭਾ ਮੈਂਬਰਾਂ ਨੇ ਸਦਨ 'ਚ ਆਵਾਜ਼ ਉਠਾਉਂਦਿਆਂ ਕੇਂਦਰ ਦੀ ਭਾਜਪਾ ਸਰਕਾਰ 'ਤੇ ਦੋਸ਼ ਲਗਾਉਂਦੇ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
Ravneet Bittu
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੈਂਸਰ ਮਾਮਲਿਆਂ ਦਾ ਅੰਕੜਾ ਪੇਸ਼ ਕਰਦੇ ਹੋਏ ਦੱਸਿਆ ਕਿ ਸੂਬੇ ਵਿਚ 1 ਲੱਖ ਲੋਕਾਂ ਦੇ ਪਿੱਛੇ 90 ਲੋਕ ਕੈਂਸਰ ਤੋਂ ਪੀੜਤ ਹਨ ਅਤੇ ਦੇਸ਼ 'ਚ 1 ਲੱਖ ਲੋਕਾਂ ਦੇ ਪਿੱਛੇ 80 ਲੋਕ ਕੈਂਸਰ ਤੋਂ ਪੀੜਤ ਹਨ। ਪੰਜਾਬ ਦੇ ਮਾਲਵਾ ਖੇਤਰ 'ਚ ਇਹ ਅੰਕੜਾ ਹੋਰ ਦਿਲ ਕੰਬਾਊ ਹੈ, ਜਿਥੇ 1 ਲੱਖ 'ਚੋਂ 136 ਲੋਕ ਕੈਂਸਰ ਤੋਂ ਪੀੜਤ ਹਨ। ਬਿੱਟੂ ਨੇ ਕਿਹਾ ਕਿ ਜਿਸ ਸਮੇਂ ਪੰਜਾਬ 'ਚ ਹਰਿਤ ਕ੍ਰਾਂਤੀ ਲਿਆਂਦੀ ਗਈ, ਉਦੋਂ ਫ਼ਸਲਾਂ ਦੀ ਪੈਦਾਵਾਰ ਲਈ ਨਵੀਂ ਤਕਨੀਕ ਵਰਤੀ ਗਈ। ਉਦੋਂ ਵੱਧ ਕੀਟਨਾਸ਼ਕ, ਰਸਾਇਣਕ ਖਾਦਾਂ ਅਤੇ ਨਵੇਂ ਬੀਜਾਂ ਦੀ ਵਰਤੋਂ ਕੀਤੀ ਗਈ, ਜਿਸ ਨੇ ਧਰਤੀ-ਪਾਣੀ ਦਾ ਬਹੁਤ ਨੁਕਸਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਨੇ ਨਾਲ-ਨਾਲ ਹੁਣ ਕੈਂਸਰ ਦੀ ਮਾਰ ਝੱਲ ਰਿਹਾ ਹੈ।
Bhagwant Mann
ਇਸ ਮਗਰੋਂ ਲੋਕ ਸਭਾ ਮੈਂਬਰ ਸੰਗਰੂਰ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਦੇਸ਼ 'ਚ ਸੱਭ ਤੋਂ ਵੱਧ ਅਨਾਜ ਪੰਜਾਬ ਪੈਦਾ ਕਰਦਾ ਹੈ, ਉੱਥੇ ਹੀ ਸੱਭ ਤੋਂ ਵੱਧ ਕੈਂਸਰ ਦੇ ਮਰੀਜ਼ ਵੀ ਪੰਜਾਬ ਦੇ ਹੀ ਹਨ। ਉਨ੍ਹਾਂ ਕਿਹਾ ਕਿ ਕੈਂਸਰ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਜ਼ਿੰਮੇਵਾਰ ਹਨ। ਸੂਬੇ ਦਾ ਪਾਣੀ ਪੀਣਯੋਗ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਬਠਿੰਡਾ ਤੋਂ ਇਕ ਰੇਲ ਗੱਡੀ ਰਾਜਸਥਾਨ ਨੂੰ ਜਾਂਦੀ ਹੈ, ਜਿਸ ਦਾ ਨਾਂ ਲੋਕਾਂ ਨੇ ਕੈਂਸਰ ਐਕਸਪ੍ਰੈਸ ਰੱਖਿਆ ਹੋਇਆ ਹੈ। ਕਿਉਂ ਪੰਜਾਬ 'ਚ ਕੋਈ ਕੈਂਸਰ ਹਸਪਤਾਲ ਨਹੀਂ ਹੈ? ਸੰਗਰੂਕ ਦਾ ਜਿਹੜਾ ਕੈਂਸਰ ਹਸਪਤਾਲ ਸੀ ਉਸ ਦਾ ਨਾਂ ਬਦਲ ਕੇ ਮਲਟੀ ਸਪੈਸ਼ਲਿਟੀ ਕਿਉਂ ਕਰ ਦਿੱਤਾ ਗਿਆ?
Harsimrat Kaur Badal
ਭਗਵੰਤ ਮਾਨ ਤੇ ਰਵਨੀਤ ਬਿੱਟੂ ਵੱਲੋਂ ਚੁੱਕੇ ਗਏ ਸਵਾਲਾਂ ਤੋਂ ਬਾਅਦ ਅਕਾਲੀ-ਭਾਜਪਾ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸਦਨ ਵਿਚ ਆਪਣਾ ਬਚਾਅ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜਦੋਂ ਮੈਂ 2009 'ਚ ਜਦੋਂ ਮੈਂ ਸੰਸਦ ਮੈਂਬਰ ਬਣੀ ਸੀ ਉਦੋਂ ਬਠਿੰਡਾ 'ਚ ਕੈਂਸਰ ਰਿਚਰਚ ਐਂਡ ਡਾਈਗਨੋਸਟਿਕ ਬਣਾਵਾਇਆ ਸੀ। ਉਦੋਂ ਤੋਂ ਇਹ ਹਸਪਤਾਲ ਚੱਲ ਰਿਹਾ ਸੀ ਪਰ ਅੱਜ ਦੀ ਸੂਬੇ 'ਚ ਮੌਜੂਦਾ ਕਾਂਗਰਸ ਸਰਕਾਰ ਨੇ ਹਸਪਤਾਲ ਨੂੰ ਜਾਰੀ ਹੋਣ ਵਾਲੇ ਸਾਰੇ ਫੰਡ ਰੋਕ ਦਿੱਤੇ ਹਨ, ਜਿਸ ਕਾਰਨ ਉਥੇ ਇਲਾਜ ਦਾ ਕੰਮ ਬਹੁਤ ਪ੍ਰਭਾਵਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਏਮਜ਼ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ।
ਵੇਖੋ ਵੀਡੀਓ :-