
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਰਾਜਸਥਾਨ ਵਿਚ ਅਪਣੀ ਨਵੀਂ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿਚ ਅੱਠ ਸੂਬਾ ਉਪ ਪ੍ਰਧਾਨ ਅਤੇ ਚਾਰ ਮਹਾਮੰਤਰੀ ਸ਼ਾਮਲ
ਜੈਪੁਰ, 1 ਅਗੱਸਤ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਰਾਜਸਥਾਨ ਵਿਚ ਅਪਣੀ ਨਵੀਂ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿਚ ਅੱਠ ਸੂਬਾ ਉਪ ਪ੍ਰਧਾਨ ਅਤੇ ਚਾਰ ਮਹਾਮੰਤਰੀ ਸ਼ਾਮਲ ਹਨ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਨਵੀਂ ਕਾਰਜਕਾਰਨੀ ਵਿਚ ਪਾਰਟੀ ਨੇ ਸਮਾਜਕ ਸਮੀਕਰਨਾਂ ਦਾ ਖ਼ਿਆਲ ਰਖਿਆ ਹੈ ਅਤੇ ਨੌਜਵਾਨਾਂ ਦੇ ਨਾਲ ਨਾਲ ਤਜ਼ਰਬੇਕਾਰ ਨੇਤਾਵਾਂ ਨੂੰ ਵੀ ਇਕ ਮੌਕਾ ਦਿਤਾ ਗਿਆ ਹੈ।
ਨਵੀਂ ਕਾਰਜਕਾਰਨੀ 'ਚ ਸੰਸਦ ਮੈਂਬਰ ਸੀ ਪੀ ਜੋਸ਼ੀ, ਵਿਧਾਇਕ ਚੰਦਰਕਾਤਾ ਮੇਘਵਾਲ, ਸਾਬਕਾ ਵਿਧਾਇਕ ਅਲਕਾ ਗੁਰਜਰ, ਅਜੈਪਾਲ ਸਿੰਘ, ਹੇਮਰਾਜ ਮੀਨਾ, ਪ੍ਰਸੰਨਾ ਮਹਿਤਾ, ਮੁਕੇਸ਼ ਦਧੀਚ ਅਤੇ ਮਧੋਰਮ ਚੌਧਰੀ ਨੂੰ ਉਪ-ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਦੀਆ ਕੁਮਾਰੀ, ਵਿਧਾਇਕ ਮਦਨ ਦਿਲਾਵਰ, ਸੁਸ਼ੀਲ ਕਟਾਰਾ ਅਤੇ ਭਜਨ ਲਾਲ ਸ਼ਰਮਾ ਨੂੰ ਸੂਬਾ ਜਨਰਲ ਮੰਤਰੀ ਬਣਾਇਆ ਗਿਆ ਹੈ।
ਪੂਨੀਅਨ ਨੇ ਕਿਹਾ, “''ਭਾਜਪਾ ਇਕ ਰਾਜਨੀਤਿਕ ਪਾਰਟੀ ਹੈ ਜੋ ਨਾ ਸਿਰਫ਼ ਚੋਣ ਲੜਦੀ ਹੈ ਬਲਕਿ ਸਮਾਜਕ ਮੋਰਚੇ 'ਤੇ ਵੀ ਕੰਮ ਕਰਦੀ ਹੈ। ਕੋਰੋਨਾ ਸੰਕਟ ਦੌਰਾਨ ਲੋਕਾਂ ਨੇ ਭਾਜਪਾ ਵਰਕਰਾਂ ਦੇ ਕੰਮ ਨੂੰ ਵੇਖਿਆ ਹੈ। ”ਸੂਬੇ ਦੇ 25 ਮੈਂਬਰਾਂ ਦੀ ਇਸ ਕਾਰਜਕਾਰੀ ਕਮੇਟੀ ਵਿਚ 9 ਸੂਬਾਈ ਮੰਤਰੀ ਵੀ ਹਨ। ਇਸਦੇ ਨਾਲ ਹੀ ਪਾਰਟੀ ਨੇ ਇਕ ਅਨੁਸ਼ਾਸ਼ਨ ਕਮੇਟੀ ਵੀ ਬਣਾਈ ਹੈ। (ਪੀਟੀਆਈ)