
ਅਰਵਿੰਦ ਕੇਜਰੀਵਾਲ ਨੇ ਹੁਣ ਤੱਕ ਗੁਜਰਾਤ ਲਈ ਕਈ "ਗਰੰਟੀਆਂ" ਦਾ ਐਲਾਨ ਕੀਤਾ ਹੈ
ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਵਾਰਕਾ ਜ਼ਿਲ੍ਹੇ ਵਿਚ ਵੋਟਰਾਂ ਲਈ ਇਕ ਹੋਰ "ਗਰੰਟੀ" ਦਾ ਐਲਾਨ ਕਰਨਗੇ।
ਕੇਜਰੀਵਾਲ ਨੇ ਹੁਣ ਤੱਕ ਗੁਜਰਾਤ ਲਈ ਕਈ "ਗਰੰਟੀਆਂ" ਦਾ ਐਲਾਨ ਕੀਤਾ ਹੈ, ਜਿਸ ਵਿਚ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ, 3,000 ਰੁਪਏ ਬੇਰੁਜ਼ਗਾਰੀ ਭੱਤਾ, 10 ਲੱਖ ਸਰਕਾਰੀ ਨੌਕਰੀਆਂ, ਸਾਰਿਆਂ ਨੂੰ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਅਤੇ ਸਰਕਾਰੀ ਸਕੂਲਾਂ ਵਿਚ ਮੁਫ਼ਤ ਸਿੱਖਿਆ ਅਤੇ ਔਰਤਾਂ ਲਈ 1,000 ਰੁਪਏ ਦਾ ਭੱਤਾ ਸ਼ਾਮਲ ਹਨ।
ਇਕ ਬਿਆਨ ਵਿਚ 'ਆਪ' ਨੇ ਕਿਹਾ ਕਿ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਕੇਜਰੀਵਾਲ ਦਵਾਰਕਾ ਸ਼ਹਿਰ ਵਿਚ "ਇਕ ਵੱਡੀ ਗਰੰਟੀ" ਦਾ ਐਲਾਨ ਕਰਨਗੇ।ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਵਿਚ ਇਸ ਸਾਲ ਦੇ ਅੰਤ ਤੱਕ ਚੋਣਾਂ ਹੋਣੀਆਂ ਹਨ। ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਦਵਾਰਕਾ ਸ਼ਹਿਰ ਵਿਚ ਇਕ ਇਕੱਠ ਨੂੰ ਸੰਬੋਧਨ ਕਰਕੇ ਕਰਨਗੇ।
ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਕੇਜਰੀਵਾਲ ਸ਼ਾਮ ਨੂੰ ਦਵਾਰਕਾ ਸ਼ਹਿਰ ਦੇ ਪ੍ਰਸਿੱਧ ਦਵਾਰਕਾਧੀਸ਼ ਮੰਦਰ 'ਚ ਪੂਜਾ ਕਰਨਗੇ। ਸ਼ਨੀਵਾਰ ਨੂੰ ਉਹ ਸਰਪੰਚਾਂ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਸੁਰਿੰਦਰਨਗਰ ਸ਼ਹਿਰ ਜਾਣਗੇ। ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਪਿਛਲੇ ਕੁਝ ਮਹੀਨਿਆਂ 'ਚ ਕਈ ਵਾਰ ਗੁਜਰਾਤ ਦਾ ਦੌਰਾ ਕਰ ਚੁੱਕੇ ਹਨ।