ਸੰਸਦੀ ਕਮੇਟੀਆਂ ਦੇ ਨਿਯਮਾਂ ਅਤੇ ਕੰਮਕਾਜ ’ਤੇ ਮੁੜ ਵਿਚਾਰ ਕਰਨ ਦੀ ਵੀ ਮੰਗ ਕੀਤੀ
'Cash For Query' Case: ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਨੂੰ ‘ਪੈਸੇ ਲੈ ਕੇ ਸਵਾਲ ਪੁੱਛਣ’ ਦੇ ਮਾਮਲੇ ’ਚ ਸਦਨ ’ਚੋਂ ਕੱਢਣ ਦੀ ਨੈਤਿਕਤਾ ਕਮੇਟੀ ਦੀ ਸਿਫਾਰਸ਼ ਨੂੰ ‘ਬਹੁਤ ਗੰਭੀਰ ਸਜ਼ਾ’ ਕਰਾਰ ਦਿਤਾ ਹੈ। ਸ਼ਨਿਚਰਵਾਰ ਨੂੰ ਬਿਰਲਾ ਨੂੰ ਲਿਖੀ ਚਿੱਠੀ ’ਚ ਚੌਧਰੀ ਨੇ ਸੰਸਦੀ ਕਮੇਟੀਆਂ ਦੇ ਨਿਯਮਾਂ ਅਤੇ ਕੰਮਕਾਜ ’ਤੇ ਮੁੜ ਵਿਚਾਰ ਕਰਨ ਦੀ ਵੀ ਮੰਗ ਕੀਤੀ।
ਅਪਣੇ ਚਾਰ ਪੰਨਿਆਂ ਦੀ ਚਿੱਠੀ ’ਚ ਚੌਧਰੀ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਨੈਤਿਕਤਾ ਕਮੇਟੀ ਲਈ ਦਸੀਆਂ ਭੂਮਿਕਾਵਾਂ ’ਚ ਕੋਈ ਸਪੱਸ਼ਟ ਹੱਦਬੰਦੀ ਨਹੀਂ ਹੈ, ਖਾਸ ਕਰ ਕੇ ਸਜ਼ਾ ਦੇਣ ਵਾਲੀਆਂ ਤਾਕਤਾਂ ਦੀ ਵਰਤੋਂ ਦੇ ਮਾਮਲਿਆਂ ’ਚ। ਕਾਂਗਰਸ ਨੇਤਾ ਨੇ ਕਿਹਾ ਕਿ ਇਸ ਤੋਂ ਇਲਾਵਾ ‘ਅਨੈਤਿਕ ਵਿਵਹਾਰ’ ਦੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ ਹੈ ਅਤੇ ਪ੍ਰਕਿਰਿਆ ਨਿਯਮਾਂ ਦੇ ਨਿਯਮ 316ਬੀ ਤਹਿਤ ‘ਨੈਤਿਕਤਾ ਸੰਹਿਤਾ’ ਅਜੇ ਤਿਆਰ ਨਹੀਂ ਕੀਤਾ ਗਿਆ ਹੈ।
ਚਿੱਠੀ ’ਚ ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ’ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ ਅਤੇ ਇਹ ਸਪੀਕਰ ਦੀ ਅਗਵਾਈ ਹੇਠ ਕੀਤਾ ਜਾਣਾ ਚਾਹੀਦਾ ਹੈ। ਚੌਧਰੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਵੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪ੍ਰਗਟ ਕੀਤੇ ਗਏ ਵਿਚਾਰ ਨਿੱਜੀ ਸਨ। ‘ਪੈਸੇ ਲੈ ਕੇ ਸਵਾਲ ਪੁੱਛਣ’ ਬਾਰੇ ਨੈਤਿਕਤਾ ਕਮੇਟੀ ਦੀ ਰੀਪੋਰਟ ਸੋਮਵਾਰ ਨੂੰ ਹੇਠਲੇ ਸਦਨ ’ਚ ਪੇਸ਼ ਕੀਤੀ ਜਾਵੇਗੀ। ਰੀਪੋਰਟ ’ਚ ਮੋਇਤਰਾ ਨੂੰ ਕੱਢਣ ਦੀ ਸਿਫਾਰਸ਼ ਕੀਤੀ ਗਈ ਹੈ।
ਕਮੇਟੀ ਨੇ 9 ਨਵੰਬਰ ਨੂੰ ਹੋਈ ਬੈਠਕ ’ਚ ਮੋਇਤਰਾ ਨੂੰ ਪੈਸੇ ਮੰਗਣ ਦੇ ਦੋਸ਼ ’ਚ ਲੋਕ ਸਭਾ ਤੋਂ ਕੱਢਣ ਦੀ ਸਿਫਾਰਸ਼ ਕਰਨ ਵਾਲੀ ਅਪਣੀ ਰੀਪੋਰਟ ਨੂੰ ਮਨਜ਼ੂਰੀ ਦੇ ਦਿਤੀ ਸੀ। ਮਹੂਆ ਵਿਰੁਧ ਪੈਸੇ ਮੰਗਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਲੋਕ ਸਭਾ ਦੀ ਨੈਤਿਕਤਾ ਕਮੇਟੀ ਨੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਤ ਕਰਨ ਵਾਲੇ ਅਨੈਤਿਕ ਵਿਵਹਾਰ ਦੇ ਆਧਾਰ ’ਤੇ ਉਨ੍ਹਾਂ ਨੂੰ ਸੰਸਦ ਦੇ ਹੇਠਲੇ ਸਦਨ ਤੋਂ ਕੱਢਣ ਦੀ ਸਿਫਾਰਸ਼ ਕੀਤੀ ਹੈ।
(For more news apart from 'Cash For Query' Case, stay tuned to Rozana Spokesman)