
ਕਿਹਾ, ਜੇ ਕੋਈ ਹਿੰਦੂ ਧਾਰਮਕ ਆਗੂ ਰਾਮ ਮੰਦਰ ਦਾ ਉਦਘਾਟਨ ਕਰਦਾ ਤਾਂ ਮੈਂ ਬਿਨਾਂ ਕਿਸੇ ਸੱਦੇ ਦੇ ਅਯੁੱਧਿਆ ਪਹੁੰਚ ਜਾਂਦਾ, ਇਹ ਪ੍ਰੋਗਰਾਮ ਸਿਆਸੀ
ਬੇਂਗਲੁਰੂ: ਕਾਂਗਰਸ ਦੇ ਸੀਨੀਅਰ ਨੇਤਾ ਬੀ.ਕੇ. ਹਰੀਪ੍ਰਸਾਦ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਕਰਨਾਟਕ ’ਚ ਗੋਧਰਾ ਵਰਗੀ ਘਟਨਾ ਹੋਣ ਦੀ ਸੰਭਾਵਨਾ ਹੈ।
ਵਿਧਾਨ ਕੌਂਸਲਰ (ਐਮ.ਐਲ.ਸੀ.) ਹਰੀਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਰਨਾਟਕ ਸਰਕਾਰ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਗੁਜਰਾਤ ’ਚ ਇਸੇ ਤਰ੍ਹਾਂ ਦੇ ਮੌਕੇ ’ਤੇ ਗੋਧਰਾ ’ਚ ਕਾਰ ਸੇਵਕਾਂ ਨੂੰ ਅੱਗ ਲਾ ਦਿਤੀ ਗਈ ਸੀ। ਸਾਲ 2002 ਦੇ ਗੋਧਰਾ ਰੇਲ ਕਤਲੇਆਮ ਕਾਰਨ ਗੁਜਰਾਤ ’ਚ ਭਿਆਨਕ ਫਿਰਕੂ ਦੰਗੇ ਹੋਏ ਸਨ।
ਸਾਬਕਾ ਰਾਜ ਸਭਾ ਮੈਂਬਰ ਨੇ ਕਿਹਾ, ‘‘ਇੱਥੇ ਵੀ ਅਜਿਹੀ ਹੀ ਸਥਿਤੀ (ਗੋਧਰਾ ਵਰਗੀ) ਹੋ ਸਕਦੀ ਹੈ। ਇਸ ਲਈ ਕਰਨਾਟਕ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਗੁੰਜਾਇਸ਼ ਨਹੀਂ ਹੋਣ ਦਿਤੀ ਜਾਣੀ ਚਾਹੀਦੀ। ਅਯੁੱਧਿਆ ਜਾਣ ਦੇ ਚਾਹਵਾਨਾਂ ਲਈ ਸਾਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਾਨੂੰ ਕਰਨਾਟਕ ਵਿਚ ਇਕ ਹੋਰ ਗੋਧਰਾ ਨਾ ਵੇਖਣਾ ਪਵੇ।’’
ਹਰੀਪ੍ਰਸਾਦ ਨੇ ਦੋਸ਼ ਲਾਇਆ, ‘‘ਅਜਿਹੀ ਘਟਨਾ ਦੀ ਪੂਰੀ ਸੰਭਾਵਨਾ ਹੈ। ਮੈਂ ਜਾਣਕਾਰੀ ਵੀ ਦੇ ਸਕਦਾ ਹਾਂ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁੱਝ ਸੰਗਠਨਾਂ ਦੇ ਮੁਖੀਆਂ ਨੇ ਕਈ ਸੂਬਿਆਂ ’ਚ ਜਾ ਕੇ ਕੁੱਝ ਭਾਜਪਾ ਨੇਤਾਵਾਂ ਨੂੰ ਭੜਕਾਇਆ, ਪਰ ਮੈਂ ਇਹ ਖੁੱਲ੍ਹ ਕੇ ਨਹੀਂ ਕਹਿ ਸਕਦਾ। ਉਹ ਅਜਿਹਾ ਕਰ ਰਹੇ ਹਨ, ਉਹ ਇਸ ਤਰ੍ਹਾਂ ਦੀ ਹਰਕਤ ਨੂੰ ਭੜਕਾ ਰਹੇ ਹਨ।’’
ਅਯੁੱਧਿਆ ’ਚ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਕਾਂਗਰਸ ਨੇਤਾਵਾਂ ਨੂੰ ਸੱਦਾ ਦੇਣ ਬਾਰੇ ਪੁੱਛੇ ਜਾਣ ’ਤੇ ਹਰੀਪ੍ਰਸਾਦ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਧਾਰਮਕ ਤੌਰ ’ਤੇ ਨਹੀਂ ਸਗੋਂ ਸਿਆਸੀ ਤੌਰ ’ਤੇ ਵੇਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਜੇਕਰ ਕੋਈ ਹਿੰਦੂ ਧਾਰਮਕ ਆਗੂ ਰਾਮ ਮੰਦਰ ਦਾ ਉਦਘਾਟਨ ਕਰਦਾ ਤਾਂ ਤੁਸੀਂ ਅਤੇ ਮੈਂ ਬਿਨਾਂ ਕਿਸੇ ਸੱਦੇ ਦੇ ਉੱਥੇ (ਅਯੁੱਧਿਆ) ਪਹੁੰਚ ਜਾਂਦੇ।’’
ਉਨ੍ਹਾਂ ਕਿਹਾ, ‘‘ਚਾਰ ਸ਼ੰਕਰਾਚਾਰੀਆ ਹਿੰਦੂ ਧਰਮ ਦੇ ਮੁਖੀ ਹਨ। ਜੇ ਚਾਰੇ ਸ਼ੰਕਰਾਚਾਰੀਆ ਜਾਂ ਕਿਸੇ ਧਾਰਮਕ ਨੇਤਾ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਹੁੰਦਾ ਤਾਂ ਮੈਂ ਵੀ ਪ੍ਰੋਗਰਾਮ ਵਿਚ ਸ਼ਾਮਲ ਹੁੰਦਾ। (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਅਤੇ (ਗ੍ਰਹਿ ਮੰਤਰੀ) ਅਮਿਤ ਸ਼ਾਹ ‘ਧਰਮ ਗੁਰੂ’ ਨਹੀਂ ਬਲਕਿ ਸਿਆਸੀ ਨੇਤਾ ਹਨ। ਸਾਨੂੰ ਇਸ ਨੂੰ ਧਿਆਨ ’ਚ ਰਖਣਾ ਪਵੇਗਾ।’’