
ਭਾਰਤ ਅਪਣੇ ਹਿੱਤਾਂ ਦੀ ਰਾਖੀ ਕਰੇਗਾ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ : ਤਿੱਬਤ ’ਚ ਬ੍ਰਹਮਪੁੱਤਰ ਨਦੀ ’ਤੇ ਇਕ ਵਿਸ਼ਾਲ ਬੰਨ੍ਹ ਬਣਾਉਣ ਦੀ ਚੀਨ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਭਾਰਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਨਿਗਰਾਨੀ ਜਾਰੀ ਰਖੇਗਾ ਅਤੇ ਅਪਣੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਉਪਾਅ ਕਰੇਗਾ। ਪ੍ਰਸਤਾਵਿਤ ਬੰਨ੍ਹ ’ਤੇ ਅਪਣੀ ਪਹਿਲੀ ਪ੍ਰਤੀਕਿਰਿਆ ’ਚ ਨਵੀਂ ਦਿੱਲੀ ਨੇ ਬੀਜਿੰਗ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਬ੍ਰਹਮਪੁੱਤਰ ਨਦੀ ਦੇ ਉੱਪਰਲੇ ਹਿੱਸੇ ’ਚ ਗਤੀਵਿਧੀਆਂ ਨਦੀ ਦੇ ਹੇਠਲੇ ਪਾਸੇ ਦੇ ਦੇਸ਼ਾਂ ਨੂੰ ਨੁਕਸਾਨ ਨਾ ਪਹੁੰਚਾਏ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਅਪਣੇ ਹਿੱਤਾਂ ਦੀ ਰਾਖੀ ਲਈ ਨਿਗਰਾਨੀ ਜਾਰੀ ਰੱਖਾਂਗੇ ਅਤੇ ਜ਼ਰੂਰੀ ਕਦਮ ਚੁੱਕਾਂਗੇ।’’ ਇਹ ਡਰ ਹੈ ਕਿ ਬੰਨ੍ਹ ਦੇ ਨਿਰਮਾਣ ਨਾਲ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਨੂੰ ਨੁਕਸਾਨ ਹੋਵੇਗਾ।
ਜੈਸਵਾਲ ਨੇ ਕਿਹਾ, ‘‘ਨਦੀ ਪ੍ਰਵਾਹ ਦੇ ਹੇਠਲੇ ਹਿੱਸੇ ਦੇ ਪਾਣੀ ਦੀ ਵਰਤੋਂ ਕਰਨ ਦਾ ਅਧਿਕਾਰ ਰੱਖਣ ਵਾਲੇ ਦੇਸ਼ ਦੇ ਤੌਰ ’ਤੇ ਅਸੀਂ ਅਪਣੇ ਖੇਤਰ ’ਚ ਨਦੀਆਂ ’ਤੇ ਵੱਡੇ ਪ੍ਰਾਜੈਕਟਾਂ ਨੂੰ ਲੈ ਕੇ ਅਪਣੇ ਵਿਚਾਰਾਂ ਅਤੇ ਚਿੰਤਾਵਾਂ ਤੋਂ ਚੀਨੀ ਪੱਖ ਨੂੰ ਮਾਹਰ ਪੱਧਰ ’ਤੇ ਅਤੇ ਕੂਟਨੀਤਕ ਚੈਨਲਾਂ ਰਾਹੀਂ ਲਗਾਤਾਰ ਜਾਣੂ ਕਰਵਾਇਆ ਹੈ।’’
ਉਨ੍ਹਾਂ ਕਿਹਾ, ‘‘ਤਾਜ਼ਾ ਰੀਪੋਰਟ ਤੋਂ ਬਾਅਦ ਇਨ੍ਹਾਂ ਗੱਲਾਂ ਨੂੰ ਦੁਹਰਾਇਆ ਗਿਆ ਹੈ। ਇਸ ਦੇ ਨਾਲ ਹੀ ਨਦੀ ਦੇ ਹੇਠਲੇ ਇਲਾਕਿਆਂ ’ਚ ਸਥਿਤ ਦੇਸ਼ਾਂ ਨਾਲ ਪਾਰਦਰਸ਼ਤਾ ਅਤੇ ਸਲਾਹ-ਮਸ਼ਵਰੇ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ ਕਿ ਚੀਨੀ ਪੱਖ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਦੀ ਦੇ ਉੱਪਰਲੇ ਹਿੱਸੇ ’ਚ ਗਤੀਵਿਧੀਆਂ ਰਾਹੀਂ ਬ੍ਰਹਮਪੁੱਤਰ ਨਦੀ ਦੇ ਹੇਠਲੇ ਪਾਸੇ ਦੇ ਦੇਸ਼ਾਂ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚਾਉਣ।