
ਰੇਲ ਮੰਤਰੀ ਦਾ ਅਸਤੀਫ਼ਾ ਮੰਗਿਆ, ਹਾਦਸੇ ਨੂੰ ਲੈ ਕੇ ਐਤਵਾਰ ਨੂੰ ਸਵਾਲ ਚੁੱਕੇਗੀ ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ’ਚ ਹੋਏ ਭਿਆਨਕ ਰੇਲ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਸਨਿੱਚਰਵਾਰ ਨੂੰ ਕਿਹਾ ਕਿ ਇਹ ਹਾਦਸਾ ਇਸ ਗੱਲ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਰੇਲਵੇ ’ਚ ਸੁਰਖਿਆ ਹਮੇਸ਼ਾ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਧਰ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਸੀਨੀਅਰ ਆਗੂ ਬਾਲਾਸਾਹੇਬ ਥੋਰਾਟ ਨੇ ਓਡੀਸ਼ਾ ’ਚ ਹੋਏ ਰੇਲ ਹਾਦਸੇ ਤੋਂ ਬਾਅਦ ਸਨਿਚਰਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਅਸਤੀਫ਼ੇ ਦੀ ਮੰਗ ਕੀਤੀ।
ਪਾਰਟੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਅਪਣੇ ਦੋ ਸੀਨੀਅਰ ਆਗੂਆਂ- ਅਧੀਰ ਰੰਜਨ ਚੌਧਰੀ ਅਤੇ ਏ. ਚੇਲਾ ਕੁਮਾਰ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਹੈ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਟਵੀਟ ਕੀਤਾ, ‘‘ਇਹ ਦੋਵੇਂ ਆਗੂ ਹਾਲਾਤ ਦਾ ਜਾਇਜ਼ਾ ਲੈਣਗੇ ਅਤੇ ਕਾਂਗਰਸ ਤੇ ਉਸ ਨੂੰ ਅਗਾਊਂ ਸੰਗਠਨਾਂ ਵਲੋਂ ਕੀਤੀਆਂ ਜਾ ਰਹੀਆਂ ਰਾਹਤ ਸਬੰਧੀ ਕੋਸ਼ਿਸ਼ਾਂ ਦੀ ਨਿਗਰਾਨੀ ਕਰਨਗੇ।’’
ਥੋਰਾਟ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਕੇਂਦਰ ਸਰਕਾਰ ਸੰਵੇਦਨਸ਼ੀਲ ਨਹੀਂ ਹੈ ਅਤੇ ਉਨ੍ਹਾਂ ਨੇ ਇਹ ਜਾਣਨ ਦੀ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਾਦਸਾ ਰੋਕੂ ‘ਕਵਚ’ ਪ੍ਰਣਾਲੀ ਦਾ ਕੀ ਹੋਇਆ?
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਵਲੋਂ ਨਵੀਂਆਂ ਰੇਲ ਗੱਡੀਆਂ ਦਾ ਉਦਘਾਟਨ ਕੀਤੇ ਜਾਣ ਮੌਕੇ ’ਤੇ ਵੀ ਰੇਲ ਮੰਤਰੀ ਕਦੀ ਨਹੀਂ ਦਿਸਦੇ। ਉਨ੍ਹਾਂ ਨੂੰ ਇਸ ਮੰਦਭਾਗੇ ਹਾਦਸੇ ਤੋਂ ਬਾਅਦ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’’
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਹਾਦਸੇ ਨੂੰ ਲੈ ਕੇ ਕਈ ਸਵਾਲ ਚੁੱਕਣ ਦੀ ਜ਼ਰੂਰਤ ਹੈ, ਪਰ ਉਨ੍ਹਾਂ ਦੀ ਪਾਰਟੀ ਇਨ੍ਹਾਂ ਸਵਾਲਾਂ ਨੂੰ ਐਤਵਾਰ ਨੂੰ ਚੁੱਕੇਗੀ।
ਰਮੇਸ਼ ਨੇ ਟਵੀਟ ਕੀਤਾ, ‘‘ਓਡਿਸ਼ਾ ’ਚ ਹੋਇਆ ਰੇਲ ਹਾਦਸਾ ਸੱਚਮੁਚ ਬਹੁਤ ਦਰਦਨਾਕ ਹੈ। ਇਹ ਬਹੁਤ ਦੁਖ ਦਾ ਵਿਸ਼ਾ ਹੈ। ਇਹ ਹਾਦਸਾ ਇਸ ਗੱਲ ’ਤੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਰੇਲ ਨੈੱਟਵਰਕ ਦੇ ਕੰਮਕਾਜ ’ਚ ਸੁਰਖਿਆ ਹਮੇਸ਼ਾ ਸਰਬਉੱਚ ਪ੍ਰਾਥਮਿਕਤਾ ਕਿਉਂ ਹੋਣੀ ਚਾਹੀਦੀ ਹੈ। ਅਜਿਹੇ ਸਵਾਲ ਹਨ ਜਿਨ੍ਹਾਂ ਨੂੰ ਚੁੱਕਣ ਦੀ ਜ਼ਰੂਰਤ ਹੈ, ਪਰ ਅੱਜ ਨਹੀਂ ਕਲ੍ਹ ਚੁੱਕਾਂਗੇ।’’