
‘ਇਕ ਦੇਸ਼, ਇਕ ਚੋਣ’ ਦਾ ਵਿਚਾਰ ਭਾਰਤੀ ਸੰਘ ਅਤੇ ਇਸ ਦੇ ਸਾਰੇ ਸੂਬਿਆਂ ’ਤੇ ਹਮਲਾ ਹੈ : ਰਾਹੁਲ ਗਾਂਧੀ
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਮੇਟੀ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ‘ਇਕ ਦੇਸ਼, ਇਕ ਚੋਣ’ ਦਾ ਵਿਚਾਰ ਭਾਰਤੀ ਸੰਘ ਅਤੇ ਇਸ ਦੇ ਸਾਰੇ ਸੂਬਿਆਂ ’ਤੇ ਹਮਲਾ ਹੈ।
ਕਾਂਗਰਸ ਆਗੂ ਨੇ ‘ਐਕਸ’ ’ਤੇ ਅਪਣੇ ਪੋਸਟ ’ਚ ਕਿਹਾ, ‘‘ਇੰਡੀਆ ਭਾਰਤ ਹੈ ਅਤੇ ਇਹ ਸੂਬਿਆਂ ਦਾ ਸੰਘ ਹੈ। ‘ਇਕ ਦੇਸ਼, ਇਕ ਚੋਣ’ ਦਾ ਵਿਚਾਰ ਭਾਰਤੀ ਸੰਘ ਅਤੇ ਇਸ ਦੇ ਸਾਰੇ ਸੂਬਿਆਂ ’ਤੇ ਹਮਲਾ ਹੈ।’’
ਰਾਹੁਲ ਗਾਂਧੀ ਦਾ ਇਹ ਬਿਆਨ ਇਕੱਠਿਆਂ ਚੋਣ ਕਰਵਾਉਣ ਦੀ ਸੰਭਾਵਨਾ ’ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ’ਚ ਸਰਕਾਰ ਵਲੋਂ ਇਕ ਉੱਚ ਪੱਧਰੀ ਕਮੇਟੀ ਗਠਤ ਕਰਨ ਤੋਂ ਬਾਅਦ ਆਇਆ ਹੈ।
ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ‘ਇਕ ਦੇਸ਼, ਇਕ ਚੋਣ’ ’ਤੇ ਉੱਚ ਪੱਧਰੀ ਕਮੇਟੀ ਦਾ ਸਮਾਂ ਬਹੁਤ ਸ਼ੱਕੀ ਹੈ ਅਤੇ ਇਸ ਦੀਆਂ ਸੰਦਰਭ ਸ਼ਰਤਾਂ ਨੇ ਪਹਿਲਾਂ ਹੀ ਇਸ ਦੀਆਂ ਸਿਫ਼ਾਰਸ਼ਾਂ ਨਿਰਧਾਰਤ ਕਰ ਦਿਤੀਆਂ ਹਨ।
ਉਧਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਅਪਣੇ ਪੋਸਟ ’ਚ ਕਿਹਾ, ‘‘ਇਕ ਦੇਸ਼, ਇਕ ਚੋਣ ’ਤੇ ਉੱਚ ਪੱਧਰੀ ਕਮਟੀ ਇਕ ਰਸਮੀ ਕਵਾਇਦ ਹੈ, ਜਿਸ ਦਾ ਸਮਾਂ ਬਹੁਤ ਜ਼ਿਆਦਾ ਸ਼ੱਕੀ ਹੈ। ਇਸ ਦੀਆਂ ਸੰਦਰਭ ਸ਼ਰਮਾਂ ਨੇ ਪਹਿਲਾਂ ਹੀ ਅਪਣੀਆਂ ਸਿਫ਼ਾਰਸ਼ਾਂ ਨਿਰਧਾਰਤ ਕਰ ਦਿਤੀਆਂ ਹਨ।’’
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਮੇਟੀ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮੱਲਿਾਰਜੁਨ ਖੜਗੇ ਨੂੰ ਕਮੇਟੀ ’ਚ ਸ਼ਾਮਲ ਨਾ ਕਰਨ ਨੂੰ ਲੈ ਕੇ ਵੀ ਨਿਸ਼ਾਨਾ ਲਾਇਆ। ਸਰਕਾਰ ਨੇ ਖੜਗੇ ਦੀ ਥਾਂ ’ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਗ਼ੁਲਾਮ ਨਬੀ ਆਜ਼ਾਦ ਨੂੰ ਕਮੇਟੀ ’ਚ ਸ਼ਾਮਲ ਕੀਤਾ ਹੈ।
‘ਇਕ ਦੇਸ਼, ਇਕ ਚੋਣ’ ਦੀ ਸੋਚ ਨਾਲ ਆਮ ਆਦਮੀ ਨੂੰ ਕੀ ਮਿਲੇਗਾ : ਕੇਜਰੀਵਾਲ
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਇਕ ਦੇਸ਼, ਇਕ ਚੋਣ’ ਕਰਵਾਉਣ ’ਤੇ ਸਵਾਲ ਚੁਕਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ਨੂੰ ਕੀ ਮਿਲੇਗਾ?
ਕੇਜਰੀਵਾਲ ਨੇ ‘ਐਕਸ’ ’ਤੇ ਕੀਤੇ ਇਕ ਪੋਸਟ ’ਚ ਲਿਖਿਆ, ‘‘ਦੇਸ਼ ਲਈ ਕੀ ਜ਼ਰੂਰੀ ਹੈ? ਇਕ ਦੇਸ਼ ਇਕ ਚੋਣ ਜਾਂ ਇਕ ਦੇਸ਼ ਇਕ ਸਿਖਿਆ (ਅਮੀਰ ਹੋਵੇ ਜਾਂ ਗ਼ਰੀਬ, ਸਾਬਿਆਂ ਨੂੰ ਇਕੋ ਜਿਹੀ ਚੰਗੀ ਸਿਖਿਆ), ਇਕ ਦੇਸ਼ ਇਕ ਇਲਾਜ (ਅਮੀਰ ਹੋਵੇ ਜਾਂ ਗ਼ਰੀਬ, ਸਾਰਿਆਂ ਨੂੰ ਇਕੋ ਜਿਹਾ ਚੰਗਾ ਇਲਾਜ)।
ਉਨ੍ਹਾਂ ਕਿਹਾ, ‘‘ਇਕ ਦੇਸ਼ ਇਕ ਚੋਣ ਨਾਲ ਆਮ ਆਦਮੀ ਨੂੰ ਕੀ ਮਿਲੇਗਾ?’’
ਸਰਕਾਰ ਨੇ ਲੋਕ ਸਭਾ, ਰਾਜ ਵਿਧਾਨ ਸਭਾਵਾਂ, ਨਗਰ ਨਿਗਮਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੱਠਿਆਂ ਕਰਵਾਉਣ ਦੇ ਮੁੱਦੇ ’ਤੇ ਧਿਆਨ ਦੇਣ ਲਈ ਅਤੇ ਛੇਤੀ ਤੋਂ ਛੇਤੀ ਸਿਫ਼ਾਰਸ਼ਾਂ ਦੇਣ ਲਈ ਸਨਿਚਰਵਾਰ ਨੂੰ ਅੱਠ ਮੈਂਬਰੀ ਉੱਚ ਪੱਧਰੀ ਕਮੇਟੀ ਦਾ ਨੋਟੀਫ਼ੀਕੇਸ਼ਨ ਜਾਰੀ ਕੀਤਾ ਸੀ।