
ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਸ ਕਰਨ ਦੀ ਕਾਰਵਾਈ ਨੂੰ ਦੇਰੀ ਨਾਲ ਚੁੱਕਿਆ ਨਿਗੂਣਾ ਕਦਮ ਦੱਸਿਆ
ਚੰਡੀਗੜ੍ਹ: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰਨ ਦੀ ਕਾਰਵਾਈ ਨੂੰ ਬਹੁਤ ਦੇਰੀ ਨਾਲ ਚੁੱਕਿਆ ਨਿਗੂਣਾ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਅਕਾਲੀ ਆਗੂ ਵੱਲੋਂ ਇਹ ਕਾਰਵਾਈ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਹੈ ਜਿਸ ਨਾਲ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਵੱਲੋਂ ਨਿਭਾਏ ਮਾੜੇ ਰੋਲ ਦੇ ਪਾਪਾਂ ਤੋਂ ਬਚ ਨਹੀਂ ਸਕਦਾ।
Sukhjinder Randhawa
ਉਨ੍ਹਾਂ ਕਿਹਾ ਕਿ ਬਿਹਤਰ ਇਹ ਸੀ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਅਵਾਰਡ ਵਾਪਸ ਕਰਨ ਨਾਲੋਂ ਕਾਨੂੰਨ ਵਾਪਸ ਕਰਨ ਲਈ ਯਤਨ ਕਰਦਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਬਾਦਲ ਪਰਿਵਾਰ ਨੂੰ ਆਰਡੀਨੈਂਸਾਂ ਲਿਆਉਣ ਦੀ ਹਮਾਇਤ ਕਰਨ ਬਦਲੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।
Parkash Singh Badal returns Padma Vibhushan Award
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਸਹਿਮਤੀ ਨਾਲ ਐਨ.ਡੀ.ਏ. ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਿਆਂਦਾ ਗਿਆ। ਬਾਦਲ ਪਰਿਵਾਰ ਦੀ ਨੂੰਹ ਕੇਂਦਰੀ ਕੈਬਨਿਟ ਦਾ ਹਿੱਸਾ ਸੀ ਜਿਸ ਨੇ ਇਹ ਆਰਡੀਨੈਂਸ ਪਾਸ ਕੀਤਾ ਸੀ। ਤਿੰਨ ਮਹੀਨੇ ਤੱਕ ਅਕਾਲੀ ਦਲ ਆਰਡੀਨੈਂਸਾਂ ਦੇ ਸੋਹਲੇ ਗਾਉਂਦਾ ਰਿਹਾ, ਇਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਵੀਡਿਓ ਜਾਰੀ ਕਰਕੇ ਖੇਤੀ ਬਿੱਲਾਂ ਦੀ ਸਿਫਤਾਂ ਦੇ ਬੰਨ੍ਹੇ ਗਏ ਪੁੱਲ ਅਜੇ ਤੱਕ ਪੰਜਾਬੀ ਭੁੱਲੇ ਨਹੀਂ।
Parkash singh badal
ਪੰਜਾਬ ਵਿੱਚ ਬਿੱਲਾਂ ਦੇ ਖਿਲਾਫ ਹੋਏ ਸਖਤ ਵਿਰੋਧ ਨੂੰ ਦੇਖਦਿਆਂ ਅਕਾਲੀ ਨੂੰ ਮਜਬੂਰੀਬੱਸ ਭਰੇ ਮਨ ਨਾਲ ਹਰਸਿਮਰਤ ਕੌਰ ਦਾ ਅਸਤੀਫਾ ਦਿਵਾਉਣਾ ਪਿਆ ਅਤੇ ਐਨ.ਡੀ.ਏ.ਛੱਡਣੀ ਪਈ। ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਤਰਨਾਕ ਖੇਤੀ ਕਾਨੂੰਨਾਂ ਦੇ ਵਿਰੁੱਧ ਕੋਈ ਬਿਆਨ ਜਾਂ ਵੀਡਿਓ ਜਾਰੀ ਨਹੀਂ ਕੀਤੀ ਗਈ।
Shiromani Akali Dal
ਰੰਧਾਵਾ ਨੇ ਕਿਹਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਸ ਕਰਨ ਦਾ ਡਰਾਮਾ ਰਚਿਆ ਗਿਆ ਜਿਸ ਉਤੇ ਕੋਈ ਵੀ ਪੰਜਾਬੀ ਯਕੀਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਇਹ ਅਵਾਰਡ ਵਾਪਸ ਕਰਨਾ ਕਿਉਂ ਨਹੀਂ ਚੇਤੇ ਆਇਆ ਜਦੋਂ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਅਤੇ ਉਸ ਤੋਂ ਬਾਅਦ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਅੰਨ੍ਹੇਵਾਹ ਗੋਲੀਆਂ ਵਰਾਈਆਂ ਗਈਆਂ। ਫੇਰ ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿੱਚ ਢਿੱਲੀ ਕਾਰਵਾਈ ਕੀਤੀ ਗਈ।