ਬੀ.ਆਰ.ਐਸ. ਦੂਜੇ ਨੰਬਰ ’ਤੇ
ਨਵੀਂ ਦਿੱਲੀ: ਦੇਸ਼ ਦੀਆਂ ਪ੍ਰਮੁੱਖ ਖੇਤਰੀ ਪਾਰਟੀਆਂ ’ਚ ਸਮਾਜਵਾਦੀ ਪਾਰਟੀ (ਸਪਾ) ਨੇ ਸਾਲ 2021-22 ’ਚ ਸਭ ਤੋਂ ਵੱਧ ਜਾਇਦਾਦ ਦਾ ਐਲਾਨ ਕੀਤਾ ਹੈ, ਜਦਕਿ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੂਜੇ ਨੰਬਰ ’ਤੇ ਰਹੀ ਹੈ।
ਲੋਕਤੰਤਰੀ ਸੁਧਾਰਾਂ ਲਈ ਕੰਮ ਕਰਨ ਵਾਲੇ ਥਿੰਕ ਟੈਂਕ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਮੁਤਾਬਕ ਵਿੱਤੀ ਸਾਲ 2020-21 ਦੌਰਾਨ ਸਮਾਜਵਾਦੀ ਪਾਰਟੀ ਦੀ ਕੁਲ ਐਲਾਨੀ ਜਾਇਦਾਦ 561.46 ਕਰੋੜ ਰੁਪਏ ਸੀ, ਜੋ 2021-22 ’ਚ 1.23 ਫੀ ਸਦੀ ਵਧ ਕੇ 568.369 ਕਰੋੜ ਰੁਪਏ ਹੋ ਗਈ। ਬੀ.ਆਰ.ਐਸ. ਨੇ ਵਿੱਤੀ ਸਾਲ 2020-21 ’ਚ 319.55 ਕਰੋੜ ਰੁਪਏ ਅਤੇ ਵਿੱਤੀ ਸਾਲ 2021-22 ’ਚ 512.24 ਕਰੋੜ ਰੁਪਏ ਦੀ ਕੁਲ ਜਾਇਦਾਦ ਦਾ ਐਲਾਨ ਕੀਤਾ ਹੈ।
ਇਨ੍ਹਾਂ ਦੋ ਸਾਲਾਂ ਦੌਰਾਨ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.), ਬੀਜੂ ਜਨਤਾ ਦਲ (ਬੀ.ਜੇ.ਡੀ.) ਅਤੇ ਜਨਤਾ ਦਲ (ਯੂਨਾਈਟਿਡ) ਦੀ ਸਾਂਝੀ ਜਾਇਦਾਦ ’ਚ 95 ਫ਼ੀ ਸਦੀ ਦਾ ਵਾਧਾ ਹੋਇਆ ਹੈ। ਡੀ.ਐਮ.ਕੇ. ਨੇ 2020-21 ’ਚ 115.708 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ, ਜੋ 2021-22 ’ਚ 244.88 ਫ਼ੀ ਸਦੀ ਵਧ ਕੇ 399 ਕਰੋੜ ਰੁਪਏ ਤੋਂ ਵੱਧ ਹੋ ਗਈ।
ਬੀਜੂ ਜਨਤਾ ਦਲ ਨੇ 2020-21 ’ਚ 194 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਐਲਾਨ ਕੀਤਾ ਸੀ, ਜੋ 2021-22 ’ਚ 143 ਫੀ ਸਦੀ ਵਧ ਕੇ 474 ਕਰੋੜ ਰੁਪਏ ਹੋ ਗਈ, ਜਦਕਿ ਜਨਤਾ ਦਲ (ਯੂ) ਨੇ 2020-21 ’ਚ 86 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ, ਜੋ 2021-22 ’ਚ 95 ਫੀ ਸਦੀ ਵਧ ਕੇ 168 ਕਰੋੜ ਰੁਪਏ ਹੋ ਗਈ। ਵਿੱਤੀ ਸਾਲ 2020-21 ਅਤੇ 2021-22 ਦਰਮਿਆਨ ਆਮ ਆਦਮੀ ਪਾਰਟੀ ਦੀ ਕੁੱਲ ਜਾਇਦਾਦ 21.82 ਕਰੋੜ ਰੁਪਏ ਤੋਂ 71.76 ਫੀ ਸਦੀ ਵਧ ਕੇ 37.477 ਕਰੋੜ ਰੁਪਏ ਹੋ ਗਈ।