
ਜਾਖੜ ਨੇ ਕਿਹਾ ਕਿ ਲੋਕਾਂ ਨੇ 'ਆਪ' ਦੀ ਗਾਰੰਟੀ ਨੂੰ ਰੱਦ ਕਰਕੇ ਮੋਦੀ ਦੀ ਗਾਰੰਟੀ ਨੂੰ ਸਹੀ ਮੰਨਿਆ ਹੈ
Sunil Jakhar News: ਚਾਰ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਬਾਰੇ ਬੋਲਦਿਆਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਚੱਲਿਆ ਹੈ। ਜਾਖੜ ਨੇ ਕਿਹਾ ਕਿ ਉਹ ਉਨ੍ਹਾਂ ਸੂਬਿਆਂ ਦੇ ਵੋਟਰਾਂ ਨੂੰ ਵਧਾਈ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਲਾਮ ਕਰਦੇ ਹਨ ਕਿਉਂਕਿ ਕੋਈ ਉਨ੍ਹਾਂ ਨੂੰ ਖਰੀਦਣਾ ਚਾਹੁੰਦਾ ਸੀ ਤੇ ਕੋਈ ਉਨ੍ਹਾਂ ਨੂੰ ਧਮਕੀਆਂ ਦੇਣ ਦੀ ਗੱਲ ਕਰਦਾ ਸੀ ਪਰ ਉਨ੍ਹਾਂ ਨੇ ਰਾਸ਼ਟਰਵਾਦ ਨੂੰ ਦੇਖਦਿਆਂ ਵੋਟਾਂ ਪਾਈਆਂ ਹਨ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਅਤੇ ਉਨ੍ਹਾਂ ਵਲੋਂ ਕੀਤੇ ਕੰਮਾਂ ਨੂੰ ਦੇਖਦਿਆਂ ਵੋਟ ਪਾਈ ਹੈ। ਲੋਕਾਂ ਨੇ ਦੇਸ਼ ਦੇ ਭਵਿੱਖ ਨੂੰ ਦੇਖਦਿਆਂ ਭਾਜਪਾ ਨੂੰ ਵੋਟ ਪਾਈ।
ਜਾੜਖ ਨੇ ਕਿਹਾ ਕਿ ਮੈਂ ਮੋਦੀ ਜੀ ਅਤੇ ਜੇਪੀ ਨੱਡਾ ਜੀ ਦੇ ਨਾਲ-ਨਾਲ ਉਨ੍ਹਾਂ ਸਾਰੇ ਆਗੂਆਂ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਚੋਣਾਂ ਲਈ ਕੰਮ ਕੀਤਾ। ਜਾਖੜ ਨੇ ਕਿਹਾ ਕਿ ਉਹ ਇਕ ਕਾਂਗਰਸੀ ਮੁੱਖ ਮੰਤਰੀ ਤੋਂ ਜਵਾਬ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਜਾਦੂਗਰ ਕਹਿੰਦੇ ਸਨ, ਪਰ ਗਹਿਲੋਤ ਸਾਹਿਬ ਹੁਣ ਦੱਸਣ ਕਿ ਜਾਦੂਗਰ ਕੌਣ ਹੈ, ਕਿਸ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਲੋਕਾਂ ਨੇ ਇੰਡੀਆ ਨਾਮ ਹਾਈਜੈਕ ਕਰ ਲਿਆ ਪਰ ਲੋਕਾਂ ਨੇ ਦਿਖਾ ਦਿਤਾ ਕਿ ‘ਇੰਡੀਆ’ ਕਿਸ ਨਾਲ ਖੜ੍ਹਾ ਹੈ। ਨਾਮ ਬਦਲਣ ਨਾਲ ਕੋਈ ਹਿੰਦੁਸਤਾਨ ਜਾਂ ਭਾਰਤ ਨਹੀਂ ਬਣਦਾ। ਕੁੱਝ ਲੋਕਾਂ ਨੇ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਆਗੂਆਂ ਨੇ ਵੀ ਸੂਬੇ ਦਾ ਕਰੋੜਾਂ ਰੁਪਿਆ ਬਰਬਾਦ ਕੀਤਾ ਹੈ, ਇਹ ਪਾਰਟੀ ਦੇ ਨਾਂਅ ਉਤੇ ਕਰਾਰੀ ਚਪੇੜ ਹੈ। ਜਾਖੜ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੂੰ ਲੈ ਕੇ ਲੋਕਾਂ ਨੇ ਅਪਣਾ ਰੁਝਾਨ ਦਿਖਾਇਆ ਹੈ। ਪੰਜਾਬ 'ਚ ਭਾਜਪਾ ਵਲੋਂ ਇਕੱਲੇ ਚੋਣ ਲੜਨ ਬਾਰੇ ਜਾਖੜ ਨੇ ਕਿਹਾ ਕਿ ਇਹ ਫੈਸਲਾ ਹਾਈਕਮਾਂਡ ਵਲੋਂ ਲਿਆ ਜਾਵੇਗਾ ਪਰ ਜਦੋਂ ਉਹ ਮੈਨੂੰ ਪੁੱਛਣਗੇ ਤਾਂ ਮੈਂ ਦੱਸਾਂਗਾ।
'ਆਪ' ਪਾਰਟੀ 'ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਗਾਰੰਟੀ ਨੂੰ ਰੱਦ ਕਰਕੇ ਮੋਦੀ ਦੀ ਗਾਰੰਟੀ ਨੂੰ ਸਹੀ ਮੰਨਿਆ ਹੈ, ਜਿਸ 'ਚ ਉਨ੍ਹਾਂ ਨੇ ਕਿਸਾਨਾਂ ਅਤੇ ਗਰੀਬਾਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਤਰਫੋਂ ਮੈਂ ਇਹ ਗਾਰੰਟੀ ਦੇ ਰਿਹਾ ਹਾਂ ਕਿ ਇਕ-ਇਕ ਵੋਟਰ ਉਤੇ ਇਕ-ਇਕ ਲੱਖ ਰੁਪਇਆ ਜ਼ਰੂਰ ਖਰਚ ਹੋਇਆ ਹੈ, ਜਿਸ ਦਾ ਹਿਸਾਬ ਲਿਆ ਜਾਵੇਗਾ।
ਇਸ ਦੌਰਾਨ ਜਾਖੜ ਨੇ ਕਿਹਾ ਕਿ ਉਨ੍ਹਾਂ ਵਿਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚ ਇਹੀ ਫਰਕ ਹੈ ਕਿ ਜੋ ਕੰਮ ਉਨ੍ਹਾਂ ਨੇ ਗਨੀਵ ਕੌਰ ਮਜੀਠੀਆ ਲਈ ਕੀਤਾ ਹੈ, ਉਹ ਸਹੀ ਨਹੀਂ ਹੈ। ਧੀਆਂ-ਭੈਣਾਂ ਸੱਭ ਦੀਆਂ ਸਾਂਝੀਆਂ ਹਨ। ਇਸ ਘਟੀਆ ਕੰਮ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ।
(For more news apart from Sunil Jakhar on Elections Results, stay tuned to Rozana Spokesman)