ਕੇਜਰੀਵਾਲ ਵਲੋਂ ਵੀ ਮਮਤਾ ਦਾ ਰਸਤਾ ਅਪਣਾਉਣ ਮਗਰੋਂ ਸ਼ਿਵ ਸੈਨਾ-ਯੂ.ਬੀ.ਟੀ. ਫ਼ਿਕਰਮੰਦ
ਨਵੀਂ ਦਿੱਲੀ : ਸ਼ਿਵ ਸੈਨਾ-ਯੂ.ਬੀ.ਟੀ. ਨੇ ਆਮ ਆਦਮੀ ਪਾਰਟੀ (ਆਪ) ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਅਪਣੇ ਦਮ ’ਤੇ ਲੜਨ ਦੇ ਐਲਾਨ ਅਤੇ ਪਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਕਾਂਗਰਸ ਤੋਂ ਦੂਰੀ ਦੇ ਮੱਦੇਨਜ਼ਰ ਵਿਰੋਧੀ ਧਿਰ ਦੀ ਏਕਤਾ ਲਈ ਕਦਮ ਚੁੱਕਣ ਲਈ ਮੰਗਲਵਾਰ ਨੂੰ ਕਿਹਾ।
ਉਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਅਪਣੇ ਅਖ਼ਬਾਰ ‘ਸਾਮਨਾ’ ਦੇ ਸੰਪਾਦਕੀ ’ਚ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੂੰ ‘ਇੰਡੀਆ’ ਗਠਜੋੜ ਦਾ ਹਿੱਸਾ ਬਣੇ ਰਹਿਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ, ‘‘ਪਛਮੀ ਬੰਗਾਲ ’ਚ ਮਮਤਾ ਬੈਨਰਜੀ ਕਾਂਗਰਸ ਤੋਂ ਦੂਰੀ ਬਣਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਕੇਜਰੀਵਾਲ ਵੀ ਇਸੇ ਰਾਹ ’ਤੇ ਚੱਲ ਰਹੇ ਹਨ। ਇਸ ਸਬੰਧ ’ਚ ਕਾਂਗਰਸ ਨੂੰ ਆਤਮ-ਨਿਰੀਖਣ ਕਰਨ ਅਤੇ ਵਿਰੋਧੀ ਧਿਰ ਦੀ ਏਕਤਾ ਲਈ ਕਦਮ ਚੁੱਕਣ ਦੀ ਜ਼ਰੂਰਤ ਹੈ।’’
ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਪਣੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿਤਾ ਸੀ। ‘ਆਪ’ ਅਤੇ ਕਾਂਗਰਸ ਨੇ ‘ਇੰਡੀਆ’ ਗਠਜੋੜ ਤਹਿਤ ਦਿੱਲੀ, ਹਰਿਆਣਾ ਅਤੇ ਗੁਜਰਾਤ ’ਚ ਮਿਲ ਕੇ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ।