
ਨਵੇਂ ਬਣੇ ਦੋ ਪੰਥਕ ਮੈਂਬਰ ਪਾਰਲੀਮੈਂਟ ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ
ਕੋਟਕਪੂਰਾ (ਗੁਰਿੰਦਰ ਸਿੰਘ) : ਟੋਹੜਾ, ਤਲਵੰਡੀ, ਲੋਂਗੋਵਾਲ, ਢੀਂਡਸਾ, ਬ੍ਰਹਮਪੁਰਾ, ਰਵੀਇੰਦਰ ਸਿੰਘ, ਸਿਮਰਨਜੀਤ ਸਿੰਘ ਮਾਨ ਆਦਿ ਨੇ ਬਾਦਲ ਦਲ ਦੇ ਵਿਰੋਧ ਵਿਚ ਆਪੋ-ਆਪਣੀਆਂ ਪਾਰਟੀਆਂ ਬਣਾਈਆਂ ਤੇ ਹੁਣ ਮੌਜੂਦਾ ਸਮੇਂ ’ਚ ਅਕਾਲੀ ਦਲ ਸੁਧਾਰ ਲਹਿਰ ਵਾਲੇ ਆਗੂਆਂ ਨੇ ਬਾਦਲ ਦਲ ਦੇ ਵਿਰੋਧ ਵਿਚ ਗਰੁੱਪ ਬਣਾਇਆ ਹੋਇਆ ਹੈ ਪਰ 14 ਜਨਵਰੀ ਦਿਨ ਮੰਗਲਵਾਰ ਨੂੰ ਮਾਘੀ ਦੇ ਮੇਲੇ ਮੌਕੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਵਲੋਂ ਨਵੀਂ ਪੰਥਕ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਨਵੀਂ ਪਾਰਟੀ ਦੇ ਗਠਨ ਲਈ ਅਪਣੇ ਵੱਧ ਤੋਂ ਵੱਧ ਸਮਰਥਕਾਂ ਨੂੰ ਮਾਘੀ ਮੇਲੇ ’ਤੇ ਮੁਕਤਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਇੱਥੇ ਇਹ ਵੀ ਦਸਣਯੋਗ ਹੈ ਕਿ ਦੋਵੇਂ ਸੰਸਦ ਮੈਂਬਰ ਲੰਘੀਆਂ ਲੋਕ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਵੱਡੇ ਫ਼ਰਕ ਨਾਲ ਜੇਤੂ ਰਹੇ ਸਨ। ਦੂਜੇ ਪਾਸੇ ਅਕਾਲੀ ਦਲ ਬਾਦਲ ਪਿਛਲੀਆਂ ਤਿੰਨ (ਦੋ ਵਿਧਾਨ ਸਭਾ-ਇਕ ਲੋਕ ਸਭਾ) ਚੋਣਾਂ ਲਗਾਤਾਰ ਬੁਰੀ ਤਰ੍ਹਾਂ ਹਾਰਿਆ ਹੈ।
ਨਵੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਕਾਰਨ ਪੈਦਾ ਹੋਏ ਖਲਾਅ ਵਿਚ ਅਪਣਾ ਭਵਿੱਖ ਭਾਲ ਰਹੀ ਹੈ। ਸਰਬਜੀਤ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਸਿੱਖਾਂ ਅਤੇ ਪੰਜਾਬੀਆਂ ਦੇ ਮੁੱਦੇ ਚੁੱਕਣ ਲਈ ਪੰਜਾਬ ਵਿਚ ਨਵੀਂ ਪੰਥਕ ਪਾਰਟੀ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਸਰਬਜੀਤ ਸਿੰਘ ਦੇ ਨੇੜਲੇ ਸੂਤਰਾਂ ਦਾ ਦਾਅਵਾ ਹੈ ਕਿ ਪੰਥਕ ਕਾਨਫ਼ਰੰਸ ਕਰਨ ਲਈ ਮੁਕਤਸਰ ਸਾਹਿਬ ਵਿਖੇ ਜਗਾ ਵੀ ਲੈ ਲਈ ਗਈ ਹੈ।
ਤਖ਼ਤਾਂ ਦੇ ਜਥੇਦਾਰਾਂ ਖ਼ਾਸ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦ, ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਬਦਲਣ ਦੀ ਚਰਚਾ, ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾ ਦੇ ਅਸਤੀਫ਼ੇ ਪ੍ਰਵਾਨ ਕਰਨ ਦਾ ਦਬਾਅ ਵਰਗੇ ਪੰਥਕ ਮੁੱਦਿਆਂ ਅਤੇ ਵਿਵਾਦਾਂ ਮੌਕੇ ਇਸ ਤਰਾਂ ਦੀ ਨਵੀਂ ਪਾਰਟੀ ਦੇ ਹੋਂਦ ਵਿਚ ਆਉਣ ਨਾਲ ਰਵਾਇਤੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਦਾ ਭਵਿੱਖ ਕੀ ਹੋਵੇਗਾ?
ਕੀ ਦੋਨੋਂ ਮੈਂਬਰ ਪਾਰਲੀਮੈਂਟ ਪੰਥਕ ਸੋਚ ਵਾਲੇ ਅਕਾਲੀ ਦਲਾਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਅਪਣੇ ਝੰਡੇ ਹੇਠ ਇਕੱਤਰ ਕਰਨ ’ਚ ਕਾਮਯਾਬ ਹੋ ਜਾਣਗੇ? ਕੀ ਨਵੇਂ ਬਣੇ ਅਕਾਲੀ ਦਲ ਦਾ ਏਜੰਡਾ ਸਿਰਫ਼ ਸ਼੍ਰੋਮਣੀ ਕਮੇਟੀ ਚੋਣਾ ਲੜਨ ਦਾ ਹੋਵੇਗਾ ਜਾਂ ਇਹ ਪਾਰਟੀ ਹੋਰਨਾਂ ਚੋਣਾ ਵਿਚ ਵੀ ਹਿੱਸਾ ਲਵੇਗੀ? ਇਸ ਬਾਰੇ ਪੰਥਕ ਹਲਕਿਆਂ ਵਿਚ ਚਰਚਾ ਛਿੜਨੀ ਸੁਭਾਵਿਕ ਹੈ।