ਤਾਮਿਲਨਾਡੂ ਅਤੇ ਪਛਮੀ ਬੰਗਾਲ ਵਿਚ ਐਨ.ਡੀ.ਏ. ਦੀ ਜਿੱਤ ਦਾ ਭਰੋਸਾ ਪ੍ਰਗਟਾਇਆ
ਪੁਦੁਕੋਟਈ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਤਾਮਿਲਨਾਡੂ ’ਚ ਡੀ.ਐਮ.ਕੇ. ਸਰਕਾਰ ਉਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਦਾ ਸੱਭ ਤੋਂ ਭ੍ਰਿਸ਼ਟ ਸੂਬਾ ਹੈ, ਜਿੱਥੇ 20 ਫੀ ਸਦੀ ‘ਕੱਟ ਮਨੀ’ ਦਾ ਨਿਯਮ ਕਾਇਮ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤਾਮਿਲਨਾਡੂ ਅਤੇ ਪਛਮੀ ਬੰਗਾਲ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਐਨ.ਡੀ.ਏ. ਜਿੱਤ ਪ੍ਰਾਪਤ ਕਰੇਗੀ।
ਪਾਰਟੀ ਦੇ ਸੂਬਾ ਪ੍ਰਧਾਨ ਨੈਨਾਰ ਨਾਗੇਨਥਰਨ ਵਲੋਂ ਕੀਤੀ ਗਈ ਪੈਦਲ ਯਾਤਰਾ ਦੇ ਸਮਾਪਤੀ ਲਈ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ 2024 ਤੋਂ ਬਾਅਦ ਭਾਜਪਾ-ਐਨ.ਡੀ.ਏ. ਦੀਆਂ ਜਿੱਤਾਂ ਦਾ ਜ਼ਿਕਰ ਕੀਤਾ, ਜਿਸ ਵਿਚ ਹਰਿਆਣਾ ਵਿਚ ਲਗਾਤਾਰ ਤੀਜੀ ਜਿੱਤ ਅਤੇ ਦਿੱਲੀ ਅਤੇ ਬਿਹਾਰ ਵਿਚ ਜਿੱਤ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਏ.ਆਈ.ਏ.ਡੀ.ਐੱਮ.ਕੇ., ਭਾਜਪਾ ਅਤੇ ਹੋਰਾਂ ਦੇ ਮਜ਼ਬੂਤ ਗਠਜੋੜ ਰਾਹੀਂ ਐਨ.ਡੀ.ਏ. ਜੇਤੂ ਹੋਵੇਗੀ।’’
ਇੱਥੇ ਭਾਜਪਾ ਦੀ ਵਿਸ਼ਾਲ ਜਨਤਕ ਮੀਟਿੰਗ ਨੇ 12 ਅਕਤੂਬਰ, 2025 ਨੂੰ ਮਦੁਰਾਈ ਵਿਚ ਸ਼ੁਰੂ ਹੋਈ ਨਾਗੇਨਥਰਨ ਦੀ ਰਾਜ-ਵਿਆਪੀ ਯਾਤਰਾ ‘ਤਮਿਲਗਮ ਥਲਾਈਨੀਮੀਰਾ ਤਮਿਲਨਾਨਿਨ ਪਾਯਨਮ’ (ਤਾਮਿਲਨਾਡੂ ਦੇ ਉਭਾਰ ਲਈ ਇਕ ਤਾਮਿਲ ਯਾਤਰਾ) ਦੀ ਸਮਾਪਤੀ ਕੀਤੀ।
ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਸੱਤਾਧਾਰੀ ਡੀ.ਐਮ.ਕੇ. ਦੀ ਨਿੰਦਾ ਕਰਦਿਆਂ ਅਤੇ ਦਾਅਵਾ ਕਰਦੇ ਹੋਏ ਕਿ ਇਹ ਭ੍ਰਿਸ਼ਟਾਚਾਰ ਦਾ ਸਮਾਨਾਰਥੀ ਹੈ, ਉਨ੍ਹਾਂ ਨੇ ਪੁਛਿਆ ਕਿ ਕੀ ਰਾਜ ‘ਭ੍ਰਿਸ਼ਟ ਮੰਤਰੀਆਂ ਦੀ ਫੌਜ’ ਨਾਲ ਤਰੱਕੀ ਕਰ ਸਕਦਾ ਹੈ? ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਨਕਦੀ ਘਪਲੇ ’ਚ ਇਕ ਡੀ.ਐਮ.ਕੇ. ਨੇਤਾ ਦਾ ਨਾਂ ਸਾਹਮਣੇ ਆਇਆ ਹੈ, ਜਦਕਿ ਮਨੀ ਲਾਂਡਰਿੰਗ ’ਚ ਇਕ ਹੋਰ ਨੇਤਾ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਕੋਲਾ ਘਪਲੇ ’ਚ ਇਕ ਹੋਰ ਨੇਤਾ ਦਾ ਨਾਂ ਲਿਆ ਗਿਆ ਹੈ। ਭਾਜਪਾ ਦੇ ਦਿੱਗਜ ਨੇ ਹਿੰਦੂਆਂ ਉਤੇ ‘ਅੱਤਿਆਚਾਰਾਂ’ ਲਈ ਸਟਾਲਿਨ ਸਰਕਾਰ ਦੀ ਵੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਯੁੱਧਿਆ ਰਾਮ ਮੰਦਰ ਭੂਮੀ ਪੂਜਾ ਦੌਰਾਨ ਤਮਿਲ ਨਾਡੂ ’ਚ ‘ਅਣਐਲਾਨਿਆ ਕਰਫਿਊ’ ਲਗਾਇਆ ਗਿਆ ਸੀ।
