
ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਰਾਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਬਿਆਨ ਨੇ ਛੇੜੀ ਨਵੀਂ ਚਰਚਾ
ਚੰਡੀਗੜ੍ਹ : ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਜਿੰਦਰ ਕੌਰ ਭੱਠਲ ਨੇ ਨਿੱਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕਾਂਗਰਸ 'ਆਪ' ਨਾਲ ਗਠਜੋੜ ਕਰ ਸਕਦੀ ਹੈ। ਦਰਅਸਲ ਅੱਜ ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਲੋੜ ਪਈ ਤਾਂ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਸਕਦੇ ਹਾਂ।
Rajinder Kaur Bhattal
ਬਾਕੀ ਉਨ੍ਹਾਂ ਕਿਹਾ ਕਿ ਸਾਡੀ ਨਿਰੋਲ ਸਰਕਾਰ ਬਣੇਗੀ ਪਰ ਉਨ੍ਹਾਂ ਇਸ਼ਾਰਾ ਕੀਤਾ ਹੈ ਕਿ ਜੇ ਚੋਣ ਨਤੀਜਿਆਂ ਮਰਗੋਂ ਲੋੜ ਪਈ ਤਾਂ ਆਪ ਨਾਲ ਗਠਜੋੜ ਕੀਤਾ ਜਾ ਸਕਦਾ ਹੈ। ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਤਾਂ ਸੰਭਵ ਹੋ ਸਕਦਾ ਹੈ ਜੇਕਰ ਭਾਜਪਾ, ਅਕਾਲੀ ਅਤੇ ਆਮ ਆਦਮੀ ਪਾਰਟੀ ਅੰਦਰ ਖਾਤੇ ਰਲੇ ਨਾ ਹੋਣ।
Rajinder Kaur Bhattal
ਅੱਗੇ ਗੱਲਬਾਤ ਕਰਦਿਆਂ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੇਤੂ ਕਾਂਗਰਸੀਆਂ ਨੂੰ ਕੋਈ ਨਹੀਂ ਖ਼ਰੀਦ ਸਕਦਾ। ਭੱਠਲ ਨੇ ਕਿਹਾ ਕਿ ਵਿਰੋਧੀਆਂ ਵਲੋਂ ਇਹ ਅਫ਼ਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਜੇਤੂ ਕਾਂਗਰਸੀਆਂ ਨੂੰ ਰਾਜਸਥਾਨ ਵਿਚ ਲੁਕੋ ਕੇ ਰਖਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਖ਼ਰੀਦ ਨਾ ਸਕੇ, ਇਹ ਸੱਭ ਬਕਵਾਸ ਹੈ।
Rajinder Kaur Bhattal
ਉਨ੍ਹਾਂ ਕਿਹਾ ਕਿ ਸਿਆਸੀ ਗਲਿਆਰਿਆਂ ਵਿਚ ਵੀ ਇਹ ਚਰਚਾ ਦਾ ਵਿਸ਼ਾ ਹੈ ਕਿ ਜੇ ਲੋੜ ਪਈ ਤਾਂ ਕਾਂਗਰਸ ਦਾ ਸਿਰਫ ਆਮ ਆਦਮੀ ਪਾਰਟੀ ਨਾਲ ਗਠਜੋੜ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲ ਗਠਜੋੜ ਕਰਦਾ ਦੇਖ ਸਕਦੇ ਹਨ। ਬੀਬੀ ਭੱਠਲ ਨੇ ਕਿਹਾ ਕੇ ਇਹ ਵੀ ਤਾਂ ਹੋਵੇਗਾ ਜੇਕਰ ਪੰਜਾਬ ਦਾ ਭਵਿੱਖ ਬਣਾਉਣਾ ਹੈ ਅਤੇ ਜੇਕਰ ਆਪ ਦੀ ਭਾਜਪਾ ਨਾਲ ਮਿਲੀਭੁਗਤ ਨਾ ਹੋਵੇਗੀ ਤਾਂ ਹੀ ਇਹ ਸਭ ਸੰਭਵ ਹੋਵੇਗਾ।