
ਰਾਸ਼ਟਰੀ ਮੀਤ ਪ੍ਰਧਾਨ ਮਮਤਾ ਭੁਪੇਸ਼ ਨੇ ਕੀਤੀ ਸ਼ਿਰਕਤ
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਹਿਲਾ ਵਿੰਗ ਦੀਆਂ ਕੋਸ਼ਿਸ਼ਾਂ ਅਤੇ ਮਿਹਨਤ ਸਦਕਾ ਕਾਂਗਰਸ ਪਾਰਟੀ ਨੂੰ ਦੋ ਤਿਹਾਹੀ ਬਹੁਮਤ ਨਾਲ ਜਿਤਾਉਣ ਮਗਰੋਂ ਹੁਣ ਅਗਲੇ ਸਾਲ ਲੋਕ ਸਭਾ ਚੋਣਾਂ ਲਈ ਨੀਤੀ ਘੜੀ ਜਾ ਰਹੀ ਹੈ। ਅੱਜ ਇਥੇ ਕਾਂਗਰਸ ਭਵਨ ਵਿਚ ਰਾਸ਼ਟਰੀ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਮਮਤਾ ਭੁਪੇਸ਼ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿਚੋਂ ਆਈਆਂ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ ਅਤੇ ਪਿਛਲੇ ਇਕ ਸਾਲ ਦੀ ਕੈਪਟਨ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਨੂੰ ਸਾਹਮਣੇ ਰੱਖ ਕੇ ਹੁਣ ਤੋਂ ਹੀ ਪ੍ਰਚਾਰ ਸ਼ੁਰੂ ਕਰਨ ਦੀ ਪ੍ਰੇਰਣਾ ਦਿਤੀ। ਬੀਬੀ ਮਮਤਾ ਭੁਪੇਸ਼ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਅੱਜ ਪੰਜਾਬ ਦੇ ਮਹਿਲਾ ਵਿੰਗ ਨਾਲ ਉਸ ਦੀ ਇਹ ਪਹਿਲੀ ਬੈਠਕ 'ਤੇ ਵਿਚਾਰ ਚਰਚਾ ਸੀ। 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਦੌਰਾਨ ਮਮਤਾ ਭੁਪੇਸ਼ ਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਮਮਤਾ ਦੱਤਾ ਨੇ ਦਸਿਆ ਕਿ ਆਉਂਦੇ ਦਿਨਾਂ ਵਿਚ ਉਹ ਪ੍ਰੋਗਰਾਮ ਬਣਾ ਕੇ ਪੰਜਾਬ ਦੇ ਦੋਆਰਾ, ਮਾਝਾ ਤੇ ਮਾਲਵਾ ਜ਼ਿਲ੍ਹਿਆ ਦਾ ਦੌਰਾ ਵੀ ਕਰਨਗੇ।
Congress women wing
ਉਨ੍ਹਾਂ ਕਿਹਾ ਕਿ ਇਸ ਪ੍ਰਚਾਰ ਦਾ ਵੱਡਾ ਨੁਕਤਾ, ਪੰਜਾਬ ਵਿਚ ਕਾਂਗਰਸ ਸਰਕਾਰ ਦੁਆਰਾ ਲਏ ਅਹਿਮ ਫ਼ੈਸਲਿਆਂ ਨੂੰ ਉਜਾਗਰ ਕਰਨਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਘਰ-ਘਰ ਪਹੁੰਚਾ ਕੇ ਪਾਰਟੀ ਲਈ ਵੱਡੀ ਜਿੱਤ ਪ੍ਰਾਪਤ ਕਰਨਾ ਹੈ। ਅੱਜ ਦੀ ਬੈਠਕ ਵਿਚ ਪਹਿਲੀ ਵਾਰ ਕਾਂਗਰਸ ਦੀ ਵਿਧਾਇਕ ਬਣੀ ਬੀਤੀ ਸਤਕਾਰ ਕੌਰ ਨੇ ਵੀ ਅਪਣੇ ਵਿਚਾਰ ਰੱਖੇ। ਪਿਛਲੀਆਂ ਚੋਣਾਂ ਵਿਚ ਉਤਸ਼ਾਹ ਤੇ ਮਿਹਨਤ ਨਾਲ ਕੰਮ ਕਰਨ ਵਾਲੀਆਂ ਦਰਜਨ ਤੋਂ ਵੱਧ ਇਸਤਰੀ ਵਿੰਗ ਦੀਆਂ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਮੀਟਿੰਗ 'ਚ ਸਰਬੀਜਤ ਕੌਰ, ਅਨੀਤਾ ਵਰਮਾ, ਗੁਰਦੀਪ ਕੌਰ, ਜਤਿੰਦਰ ਸੋਨੀਆ, ਜਸਲੀਨ, ਕਰਨਜੀਤ, ਸ਼ਵਿੰਦਰ ਬੋਪਾਰਾਏ, ਬੀਰਪਾਲ ਕੌਰ, ਇੰਦੂ ਥਾਪਰ, ਤ੍ਰਿਪਤਾ ਠਾਕੁਰ, ਰਮੇਸ਼ ਅਤੇ ਬੀਬੀ ਸੇਠੀ ਨੇ ਹਿੱਸਾ ਲਿਆ।