
ਕਿਹਾ, ਜੇਕਰ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦਾ ਕੀ ਫ਼ਾਇਦਾ?
'ਪਹਿਲਾਂ ਸ਼ਬਦੀ ਵਾਰ ਕਰ ਕੇ ਇਨ੍ਹਾਂ ਦੋਹਾਂ ਨੇ ਸਿਆਸਤ ਦਾ ਨਜ਼ਰੀਆ ਬਦਲਿਆ ਤੇ ਹੁਣ ਲੋਕਾਂ ਦਾ ਵਿਸ਼ਵਾਸ ਵੀ ਖੋਹ ਲਿਆ'
ਇਹ ਜੱਫੀ, ਕਿਸੇ ਚਿੱਕੜ ਨਾਲ ਲਿਬੜੇ ਨੂੰ ਗਲ਼ ਨਾਲ ਲਗਾ ਕੇ ਅਪਣਾ ਆਪ ਲਬੇੜਨ ਵਾਲੀ ਗੱਲ ਹੈ : ਸਾਂਸਦ ਰਵਨੀਤ ਬਿੱਟੂ
ਮੋਹਾਲੀ (ਕੋਮਲਜੀਤ ਕੌਰ, ਸੁਰਖ਼ਾਬ ਚੰਨ): ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਜੱਫੀ ਹਮੇਸ਼ਾਂ ਸੁਰਖ਼ੀਆਂ ਵਿਚ ਰਹੀ ਹੈ ਫਿਰ ਭਾਵੇਂ ਉਹ ਪਾਕਿਸਤਾਨ ਵਿਚ ਹੋਵੇ ਜਾਂ ਭਾਰਤ ਵਿਚ ਅਪਣੀ ਵਿਰੋਧੀ ਪਾਰਟੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪਾਈ ਹੋਵੇ। ਹਾਲ ਹੀ ਵਿਚ ਇਕ ਮੰਚ ਸਾਂਝਾ ਕਰਨ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਨਜ਼ਦੀਕੀਆਂ ਨੇ ਸਿਆਸਤ ਭਖਾ ਦਿਤੀ ਹੈ। ਉਨ੍ਹਾਂ ਨੂੰ ਨਾ ਸਿਰਫ਼ ਵਿਰੋਧੀ ਪਾਰਟੀਆਂ ਦੇ ਆਗੂਆਂ ਬਲਕਿ ਅਪਣੀ ਹੀ ਪਾਰਟੀ ਦੇ ਆਗੂਆਂ ਵਲੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਆਸਤ ਦੀ ਇਸ ਤਾਜ਼ਾ ਤਸਵੀਰ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਿੱਖੀ ਪ੍ਰਤੀਕ੍ਰਿਆ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਦੇ ਇਸ ਵਤੀਰੇ ਨਾਲ ਪੰਜਾਬ ਦੀਆਂ ਉਨ੍ਹਾਂ ਧੀਆਂ ਅਤੇ ਮਾਵਾਂ ਜਿਨ੍ਹਾਂ ਦੇ ਜਵਾਨ ਪੁੱਤ ਤੁਰ ਗਏ ਹਨ, ਨੂੰ ਡਾਹਢਾ ਧੱਕਾ ਲੱਗਾ ਹੈ। ਚੋਣਾਂ ਤੋਂ ਪਹਿਲਾਂ ਜੋ ਤਸਵੀਰਾਂ ਲੋਕਾਂ ਸਾਹਮਣੇ ਆਉਂਦੀਆਂ ਹਨ ਉਸ ਵਿਚ ਇਹ ਇਕ ਦੂਜੇ ਨਾਲ ਭਿੜਦੇ ਨਜ਼ਰ ਆਉਂਦੇ ਹਨ ਅਤੇ ਉਹ ਗਤੀਵਿਧੀਆਂ ਕਰਦੇ ਸਨ ਜੋ ਦੇਖਣ ਵਾਲੀਆਂ ਵੀ ਨਹੀਂ ਹੁੰਦੀਆਂ ਪਰ ਹੁਣ ਇਕ ਦੂਜੇ ਨੂੰ ਜੱਫੀਆਂ ਪਾ ਰਹੇ ਹਨ।
ਰਵਨੀਤ ਸਿੰਘ ਬਿੱਟੂ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਤਾਂ ਕੀ ਉਹ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਹਿਜ਼ ਇਕ ਡਰਾਮਾ ਸੀ? ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਵਤੀਰੇ 'ਤੇ ਕਿ ਉਹ ਬਾਦਲਾਂ ਵਿਰੁਧ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਪੁੱਠਾ ਕਰ ਕੇ ਬਜਰੀ-ਰੇਤ ਕੱਢਣ ਦੀ ਗੱਲ ਕਰ ਰਹੇ ਹਨ, ਪਾਰਟੀ ਹਾਈਕਮਾਨ ਨੇ ਇਨ੍ਹਾਂ 'ਤੇ ਭਰੋਸਾ ਕਰ ਕੇ ਪਾਰਟੀ ਦਾ ਸੂਬਾ ਪ੍ਰਧਾਨ ਵੀ ਬਣਾਇਆ। ਉਸ ਤੋਂ ਬਾਅਦ ਸਿੱਧੂ ਸਾਹਬ ਪਹਿਲਾਂ ਡੀ.ਜੀ.ਪੀ. ਤੇ ਫਿਰ ਚੰਨੀ ਸਾਹਬ ਨੂੰ ਕਹਿ ਕੇ ਏ.ਜੀ. ਵੀ ਬਦਲਵਾ ਦਿੰਦੇ ਹਨ। ਇਹ ਸਾਰੀਆਂ ਗੱਲਾਂ ਲੋਕਾਂ ਦੇ ਜ਼ਹਿਨ ਵਿਚ ਆ ਰਹੀਆਂ ਹਨ ਕਿ ਪਹਿਲਾਂ ਵਿਰੋਧ ਤੇ ਹੁਣ ਜੱਫੀਆਂ ਪਾਈਆਂ ਜਾ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਇਨ੍ਹਾਂ ਨੇ ਸਿਆਸਤ ਨੂੰ ਇਕ ਕਾਮੇਡੀ ਸ਼ੋਅ ਬਣਾਇਆ ਹੋਇਆ ਹੈ।
ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਵਲੋਂ ਸਿਆਸੀ ਆਗੂਆਂ 'ਤੇ ਪਹਿਲਾਂ ਹੀ ਸਵਾਲ ਚੁੱਕੇ ਜਾਂਦੇ ਹਨ ਕਿ ਰਾਜਨੇਤਾ ਹਾਲਾਤ ਅਨੁਸਾਰ ਬਦਲ ਜਾਂਦੇ ਹਨ ਪਰ ਇਨ੍ਹਾਂ ਦੋਹਾਂ ਬੰਦਿਆਂ ਨੇ ਉਸ ਕਥਨ 'ਤੇ ਪੱਕੀ ਮੋਹਰ ਲਗਾ ਦਿਤੀ ਹੈ। ਜੱਫੀ ਤਾਂ ਪਾਈ ਹੀ ਉਸ ਤੋਂ ਬਾਅਦ ਦੋਹਾਂ ਨੇ ਸਟੇਜ 'ਤੇ ਜਿਵੇਂ ਗੁਫ਼ਤਗੂ ਕੀਤੀ ਉਸ ਤੋਂ ਐਵੇਂ ਲਗਦਾ ਹੈ ਕਿ ਜਿਵੇਂ '47 ਦੇ ਵਿਛੜੇ ਦੋ ਭਰਾ ਮਿਲੇ ਹੋਣ। ਅਸੀਂ ਵੀ ਤਿੰਨ ਪੀੜ੍ਹੀਆਂ ਤੋਂ ਸਿਆਸਤ ਕਰਦੇ ਆ ਰਹੇ ਹਾਂ ਤੇ ਅਪਣੇ ਵਿਰੋਧੀ ਆਗੂਆਂ ਨੂੰ ਹੱਥ ਵੀ ਮਿਲਾਉਂਦੇ ਹਾਂ ਤੇ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਹਾਂ, ਇਹ ਸਾਡੀ ਤਹਿਜ਼ੀਬ ਹੈ ਪਰ ਇਨ੍ਹਾਂ ਵਾਂਗ ਸਿਆਸਤ ਦਾ ਨਜ਼ਰੀਆ ਨਹੀਂ ਬਦਲਿਆ ਸੀ। ਪਹਿਲਾਂ ਇਹ ਇਕ ਦੂਜੇ ਵਿਰੁਧ ਅਜਿਹੀ ਸ਼ਬਦਾਵਲੀ ਵਰਤਦੇ ਸਨ ਕਿ ਲੋਕਾਂ ਦਾ ਵੀ ਸਿਆਸਤ ਪ੍ਰਤੀ ਨਜ਼ਰੀਆ ਬਦਲ ਗਿਆ ਪਰ ਹੁਣ ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕੇ ਸਾਡੇ ਕੋਲ ਪਹਿਲਾਂ ਵਾਲੀ ਤਾਕਤ ਨਹੀਂ ਰਹੀ, ਨਾ ਕਮਾਂਡੋ ਰਖਵਾਲੇ ਤੇ ਨਾ ਵੱਡੀਆਂ ਗੱਡੀਆਂ ਰਹੀਆਂ ਤਾਂ ਇਹ ਘਬਰਾ ਗਏ ਹਨ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਹਿਲਾਂ ਇਕ ਦੂਜੇ ਵਿਰੁਧ ਬੋਲ ਕੇ ਲੋਕਾਂ ਦਾ ਕਾਫ਼ਲਾ ਇਕੱਠਾ ਕੀਤਾ ਤੇ ਹੁਣ ਦੋਹਾਂ ਦੀ ਜੱਫੀ ਨੇ ਸੱਭ ਜੱਗ ਜ਼ਾਹਰ ਕਰ ਦਿਤਾ ਹੈ। ਇਸ ਨਾਲ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਹੈ। ਤੰਜ਼ ਕੱਸਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਪਹਿਲਾਂ ਇੰਨਾ ਬੋਲਣਾ ਵੀ ਨਹੀਂ ਚਾਹੀਦਾ। ਨਵਜੋਤ ਸਿੱਧੂ ਨੇ ਬਿਕਰਮ ਮਜੀਠੀਆ ਨੂੰ ਜੱਫੀ ਪਾ ਕੇ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਕਿਸੇ ਚਿੱਕੜ ਨਾਲ ਲਿਬੜੇ ਨੂੰ ਗਲ਼ ਲਗਾ ਕੇ ਅਪਣਾ ਆਪ ਵੀ ਲਬੇੜ ਲਈਏ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਜੇਲ ਕੱਟ ਕੇ ਆਏ ਹਨ, ਸ਼ਾਇਦ ਜੇਲ ਦੀ ਚਾਰਦੀਵਾਰੀ ਤੋਂ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਅਤੇ ਗੈਂਗਸਟਰ ਸੱਭਿਆਚਾਰ ਲਿਆਉਣ ਵਾਲਿਆਂ ਵਿਰੁਧ ਪਹਿਲਾਂ ਨਵਜੋਤ ਸਿੱਧੂ ਬੋਲਦੇ ਸਨ ਤਾਂ ਲੋਕ ਵੀ ਇਨ੍ਹਾਂ ਦਾ ਸਤਿਕਾਰ ਕਰਦੇ ਸੀ ਪਰ ਹੁਣ ਨਵਜੋਤ ਸਿੱਧੂ ਨੇ ਅਜਿਹਾ ਕਰ ਕੇ ਖ਼ੁਦ ਹੀ ਅਪਣੇ ਅਕਸ ਨੂੰ ਢਾਹ ਲਗਾ ਲਈ ਹੈ ਅਤੇ ਲੋਕਾਂ ਦਾ ਵਿਸ਼ਵਾਸ ਖੋਹ ਲਿਆ ਹੈ। ਹੁਣ ਨਾ ਤਾਂ ਨਵਜੋਤ ਸਿੰਘ ਸਿੱਧੂ ਨਾਲ ਪਹਿਲਾਂ ਵਰਗੇ ਲੋਕਾਂ ਦੇ ਕਾਫ਼ਲੇ ਹੋਣਗੇ ਤੇ ਨਾ ਹੀ ਉਨ੍ਹਾਂ ਦੇ ਕਹਿਣ 'ਤੇ ਤਾੜੀ ਵਜੇਗੀ।