
ਨਿਰਮਲਾ ਸੀਤਾਰਮਨ ਤੇ ਡੀ. ਪੁਰੰਦੇਸ਼ਵਰੀ ਭਾਜਪਾ ਪ੍ਰਧਾਨ ਅਹੁਦੇ ਲਈ ਸਭ ਤੋਂ ਅੱਗੇ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ਵੱਡੇ ਸੰਗਠਨਾਤਮਕ ਬਦਲਾਅ ’ਚੋਂ ਲੰਘ ਰਹੀ ਹੈ। ਛੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਥਾਨਕ ਇਕਾਈਆਂ ਲਈ ਪਾਰਟੀ ਮੁਖੀਆਂ ਦੀ ਨਿਯੁਕਤੀ ਤੋਂ ਬਾਅਦ, ਭਾਜਪਾ ਹੁਣ ਅਪਣਾ ਕੌਮੀ ਪ੍ਰਧਾਨ ਨਿਯੁਕਤ ਕਰਨ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਜੇ.ਪੀ. ਨੱਢਾ 2020 ਤੋਂ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਉਤੇ ਹਨ। ਉਨ੍ਹਾਂ ਦਾ ਕਾਰਜਕਾਲ 2023 ’ਚ ਖਤਮ ਹੋ ਗਿਆ ਸੀ ਪਰ ਭਾਜਪਾ ਨੇ ਇਸ ਨੂੰ 2024 ਤਕ ਵਧਾ ਦਿਤਾ ਤਾਂ ਕਿ ਉਹ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਅਗਵਾਈ ਕਰ ਸਕਣ। ਮੀਡੀਆ ’ਚ ਆ ਰਹੀਆਂ ਖ਼ਬਰਾਂ ਅਨੁਸਾਰ ਭਾਜਪਾ ਨੂੰ ਹੁਣ ਪਹਿਲੀ ਮਹਿਲਾ ਪ੍ਰਧਾਨ ਮਿਲ ਸਕਦੀ ਹੈ।
ਇਸ ਦੌੜ ’ਚ ਭਾਜਪਾ ਨੇਤਾ ਨਿਰਮਲਾ ਸੀਤਾਰਮਨ ਸਭ ਤੋਂ ਅੱਗੇ ਹਨ ਜੋ 2019 ਤੋਂ ਦੇਸ਼ ਦੇ ਵਿੱਤ ਮੰਤਰੀ ਹਨ। ਉਨ੍ਹਾਂ ਨੂੰ ਭਾਜਪਾ ਪ੍ਰਧਾਨ ਅਹੁਦੇ ਦੀ ਦੌੜ ’ਚ ਸੱਭ ਤੋਂ ਅੱਗੇ ਦੇ ਤੌਰ ਉਤੇ ਵੇਖਿਆ ਜਾ ਰਿਹਾ ਹੈ ਕਿਉਂਕਿ ਉਹ ਪਾਰਟੀ ’ਚ ਸੱਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿਚੋਂ ਇਕ ਹਨ। ਤਾਮਿਲਨਾਡੂ ’ਚ ਉਨ੍ਹਾਂ ਦੀਆਂ ਜੜ੍ਹਾਂ ਭਾਜਪਾ ਲਈ ਵੀ ਫਾਇਦੇਮੰਦ ਹੋ ਸਕਦੀਆਂ ਹਨ। ਉਸ ਨੇ ਹਾਲ ਹੀ ਵਿਚ ਪਾਰਟੀ ਹੈੱਡਕੁਆਰਟਰ ਵਿਚ ਜੇ.ਪੀ. ਨੱਢਾ ਅਤੇ ਭਾਜਪਾ ਜਨਰਲ ਸਕੱਤਰ ਬੀ.ਐਲ. ਸੰਤੋਸ਼ ਨਾਲ ਵੀ ਮੁਲਾਕਾਤ ਕੀਤੀ।
ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਸਾਬਕਾ ਮੁਖੀ ਡੀ ਪੁਰੰਦੇਸ਼ਵਰੀ ਵੀ ਉਨ੍ਹਾਂ ਸੰਭਾਵਤ ਉਮੀਦਵਾਰਾਂ ਵਿਚੋਂ ਇਕ ਹਨ ਜੋ ਕੌਮੀ ਪ੍ਰਧਾਨ ਦੇ ਅਹੁਦੇ ਉਤੇ ਰਹਿ ਸਕਦੇ ਹਨ। ਉਹ ਸਰਕਾਰ ਦੇ ਆਪਰੇਸ਼ਨ ਸੰਧੂਰ ਵਫ਼ਦ ਦਾ ਵੀ ਹਿੱਸਾ ਸੀ ਜੋ ਯੂਨਾਈਟਿਡ ਕਿੰਗਡਮ, ਫਰਾਂਸ, ਜਰਮਨੀ, ਯੂਰਪੀਅਨ ਯੂਨੀਅਨ, ਇਟਲੀ ਅਤੇ ਡੈਨਮਾਰਕ ਵਿਚ ਦੇਸ਼ ਦੇ ਅਤਿਵਾਦ ਵਿਰੋਧੀ ਰੁਖ ਦੀ ਨੁਮਾਇੰਦਗੀ ਕਰਦਾ ਸੀ।
ਵਨਾਤੀ ਸ਼੍ਰੀਨਿਵਾਸਨ ਨੇ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ। 2021 ’ਚ, ਉਸ ਨੇ ਅਦਾਕਾਰ ਅਤੇ ਮੱਕਲ ਨੀਧੀ ਮਯਮ (ਐਮ.ਐਨ.ਐਮ.) ਦੇ ਸੰਸਥਾਪਕ ਕਮਲ ਹਾਸਨ ਨੂੰ ਹਰਾਇਆ ਅਤੇ ਤਾਮਿਲਨਾਡੂ ਦੀ ਕੋਇੰਬਟੂਰ (ਦਖਣੀ) ਸੀਟ ਜਿੱਤੀ। ਉਹ 1993 ਤੋਂ ਭਾਜਪਾ ਨਾਲ ਜੁੜੀ ਹੋਈ ਹੈ ਅਤੇ 2022 ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੈਂਬਰ ਬਣੀ ਸੀ।