
ਮੇਰੇ ਲਈ ਦੇਸ਼ ’ਚ ਸੱਭ ਤੋਂ ਵੱਡੀ ਜਾਤ ਗ਼ਰੀਬ ਹੈ ਅਤੇ ਮੈਂ ਉਨ੍ਹਾਂ ਦਾ ਸੇਵਕ ਹਾਂ : ਪ੍ਰਧਾਨ ਮੰਤਰੀ ਮੋਦੀ
It was Rahul Vs PM Modi in Chhattisgarh Election 2023 today : ਛੱਤੀਸਗੜ੍ਹ ’ਚ 7 ਨਵੰਬਰ ਨੂੰ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਅੱਜ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਰਿਹਾ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਸਿਖਰਲੇ ਆਗੂਆਂ ਨੇ ਚੋਣ ਰੈਲੀਆਂ ਕੀਤੀਆਂ ਅਤੇ ਇਕ-ਦੂਜੇ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੂਬੇ ਦੀਆਂ 90 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਲਈ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ’ਚ ਵੋਟਿੰਗ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਰਗ ਵਿਖੇ ਇਕ ਰੈਲੀ ’ਚ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਗ਼ਰੀਬਾਂ ਨੂੰ ਵੰਡਣ ਅਤੇ ਜਾਤਵਾਦ ਦਾ ਜ਼ਹਿਰ ਫੈਲਾਉਣ ਲਈ ਨਵੀਂਆਂ-ਨਵੀਂਆਂ ਸਾਜ਼ਸ਼ਾਂ ਘੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਤਾਂ ਦੇਸ਼ ’ਚ ਸੱਭ ਤੋਂ ਵੱਡੀ ਜਾਤ ‘ਗ਼ਰੀਬ’ ਹੈ ਅਤੇ ਉਹ ਉਨ੍ਹਾਂ ਦੇ ‘ਸੇਵਕ’ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਦੀ ਨਹੀਂ ਚਾਹੁੰਦੀ ਕਿ ਗ਼ਰੀਬਾਂ ਦੀ ਭਲਾਈ ਹੋਵੇ ਅਤੇ ਉਹ ਚਹੁੰਦੀ ਹੈ ਕਿ ਗ਼ਰੀਬ, ਗ਼ਰੀਬ ਹੀ ਰਹਿਣ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਓ.ਬੀ.ਸੀ. (ਹੋਰ ਪਿਛੜੇ ਵਰਗ) ਪ੍ਰਧਾਨ ਮੰਤਰੀ ਨੂੰ ਗਾਲ੍ਹ ਕੱਢੀ। ਉਨ੍ਹਾਂ ਕਿਹਾ, ‘‘ਕਾਂਗਰਸ ਓ.ਬੀ.ਸੀ. ਲੋਕਾਂ ਨੂੰ ਗਾਲ੍ਹ ਕਿਉਂ ਕਢਦੀ ਹੈ? ਇਹ ‘ਸਾਹੂ’ (ਛੱਤੀਸਗੜ੍ਹ ’ਚ ਇਕ ਅਸਰਦਾਰ ਓ.ਬੀ.ਸੀ. ਭਾਈਚਾਰਾ) ਨੂੰ ਚੋਰ ਕਿਉਂ ਕਹਿੰਦੇ ਹਨ?’’
ਦੇਸ਼ ’ਚ ਸਿਰਫ ਇਕ ਜਾਤ ‘ਗ਼ਰੀਬ’ ਹੈ ਤਾਂ ਮੋਦੀ ਜੀ ਖ਼ੁਦ ਨੂੰ ਓ.ਬੀ.ਸੀ. ਕਿਉਂ ਕਹਿੰਦੇ ਹਨ?: ਰਾਹੁਲ
ਪਲਟਵਾਰ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਜੇਕਰ ਉਹ ਕਹਿੰਦੇ ਹਨ ਕਿ ਦੇਸ਼ ਵਿਚ ਇਕ ਹੀ ਜਾਤੀ ‘ਗ਼ਰੀਬ’ ਹੈ ਤਾਂ ਉਹ ਖ਼ੁਦ ਨੂੰ ਵਾਰ-ਵਾਰ ‘ਓ.ਬੀ.ਸੀ.’ ਕਿਉਂ ਕਹਿੰਦੇ ਹਨ? ਬਸਤਰ ਜ਼ਿਲ੍ਹੇ ਦੇ ਜਗਦਲਪੁਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਭਾਜਪਾ ਨੇਤਾ ਆਦਿਵਾਸੀਆਂ ਨੂੰ ਜੰਗਲ ਨਿਵਾਸੀ ਕਹਿੰਦੇ ਹਨ ਕਿਉਂਕਿ ਉਹ ਆਦਿਵਾਸੀਆਂ ਨੂੰ ਵਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ।
ਆਦਿਵਾਸੀ ਬਹੁਗਿਣਤੀ ਬਸਤਰ ਜ਼ਿਲ੍ਹੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ, ‘‘ਅੱਜ ਅਪਣੇ ਭਾਸ਼ਣ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਸਿਰਫ਼ ਇਕ ਜਾਤ ਹੈ। ਉਹ ਭਾਰਤ ਦਾ ਗ਼ਰੀਬ ਹੈ। ਉਹ ਕਹਿ ਰਹੇ ਹਨ ਕਿ ਇਸ ਦੇਸ਼ ’ਚ ਨਾ ਤਾਂ ਦਲਿਤ ਹਨ, ਨਾ ਆਦਿਵਾਸੀ ਅਤੇ ਨਾ ਹੀ ਪਛੜੇ ਲੋਕ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦੇਸ਼ ’ਚ ਆਦਿਵਾਸੀ ਹਨ, ਆਦਿਵਾਸੀ ਭਾਸ਼ਾਵਾਂ ਹਨ, ਆਦਿਵਾਸੀ ਸਭਿਆਚਾਰ ਹੈ ਅਤੇ ਆਦਿਵਾਸੀ ਇਤਿਹਾਸ ਹੈ। ਇੱਥੇ ਦਲਿਤ ਹਨ, ਦਲਿਤਾਂ ਦਾ ਅਪਮਾਨ ਕੀਤਾ ਜਾਂਦਾ ਹੈ, ਹਰ ਰੋਜ਼ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ। ਪਛੜੇ ਲੋਕਾਂ ਨੂੰ ਉਹ ਹੱਕ ਨਹੀਂ ਮਿਲ ਰਹੇ ਜੋ ਮਿਲਣੇ ਚਾਹੀਦੇ ਹਨ। ਪਰ ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਭਾਰਤ ’ਚ ਇਕ ਹੀ ਜਾਤ ਹੈ, ਉਹ ਹੈ ਗ਼ਰੀਬ। ਜੇਕਰ ਇਕ ਹੀ ਜਾਤ ਹੈ ਤਾਂ ਤੁਸੀਂ ਖ਼ੁਦ ਨੂੰ ਓ.ਬੀ.ਸੀ. ਕਿਉਂ ਕਹਾਉਂਦੇ ਹੋ। ਤੁਸੀਂ ਹਰ ਭਾਸ਼ਣ ’ਚ ਇਹ ਕਿਉਂ ਕਹਿੰਦੇ ਰਹਿੰਦੇ ਹੋ ਕਿ ਮੈਂ ਓ.ਬੀ.ਸੀ. ਹਾਂ।’’
‘ਆਦਿਵਾਸੀ ਅਤੇ ਵਨਵਾਸੀ ’ਚ ਬਹੁਤ ਫ਼ਰਕ ਹੁੰਦੈ’
ਇਕੱਠ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਇਹ ਵੀ ਕਿਹਾ ਕਿ ਭਾਜਪਾ ਆਗੂ ਆਦਿਵਾਸੀਆਂ ਨੂੰ ਜੰਗਲ ਵਾਸੀ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀ ਅਤੇ ਜੰਗਲਵਾਸੀ ਸ਼ਬਦਾਂ ’ਚ ਬਹੁਤ ਫ਼ਰਕ ਹੈ। ਆਦਿਵਾਸੀ ਦਾ ਮਤਲਬ ਹੈ ਜੋ ਇਸ ਦੇਸ਼ ਦੇ ਅਸਲ ਮਾਲਕ ਹਨ। ਉਨ੍ਹਾਂ ਕਿਹਾ, ‘‘ਪਰ ਭਾਜਪਾ ਇਸ ਸ਼ਬਦ ਦੀ ਵਰਤੋਂ ਨਹੀਂ ਕਰਨਾ ਚਾਹੁੰਦੀ ਕਿਉਂਕਿ ਜੇਕਰ ਭਾਜਪਾ ਇਸ ਸ਼ਬਦ ਦੀ ਵਰਤੋਂ ਕਰਦੀ ਹੈ ਤਾਂ ਉਸ ਨੂੰ ਤੁਹਾਡਾ ਪਾਣੀ, ਜੰਗਲ ਅਤੇ ਜ਼ਮੀਨ ਵਾਪਸ ਦੇਣੀ ਪਵੇਗੀ।’’
ਮੱਧ ਪ੍ਰਦੇਸ਼ ’ਚ ਇਕ ਭਾਜਪਾ ਆਗੂ ਵਲੋਂ ਇਕ ਆਦਿਵਾਸੀ ਵਿਅਕਤੀ ’ਤੇ ਕਥਿਤ ਤੌਰ ’ਤੇ ਪਿਸ਼ਾਬ ਕਰਨ ਦੀ ਘਟਨਾ ਦਾ ਜ਼ਿਕਰ ਕਰਦਿਆਂ ਗਾਂਧੀ ਨੇ ਕਿਹਾ, ‘‘ਕੱੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੇ ਇਕ ਭਾਜਪਾ ਆਗੂ ਨੇ ਇਕ ਆਦਿਵਾਸੀ ਨੌਜਵਾਨ ’ਤੇ ਪਿਸ਼ਾਬ ਕਰ ਦਿਤਾ ਸੀ... ਬਾਅਦ ’ਚ ਉਸ ਨੇ ਉਸ ਵੀਡੀਉ ਨੂੰ ਵਾਇਰਲ ਕਰ ਦਿਤਾ। ਹੁਣ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਸੋਚੋ… ਉਹ ਆਦਿਵਾਸੀਆਂ ਨੂੰ ਵਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਥਾਂ ਕਿੱਥੇ ਹੋਣੀ ਚਾਹੀਦੀ ਹੈ। ਇਸੇ ਲਈ ਉਨ੍ਹਾਂ ਨੇ ਤੁਹਾਡੇ ਲਈ ਜੰਗਲ ਵਾਸੀ ਸ਼ਬਦ ਤਿਆਰ ਕੀਤਾ ਹੈ। ਉਹ ਸੋਚਦੇ ਹਨ ਕਿ ਤੁਹਾਡੀ ਥਾਂ ਜੰਗਲ ’ਚ ਹੈ ਜਿੱਥੇ ਜਾਨਵਰ ਰਹਿੰਦੇ ਹਨ, ਇਹ ਤੁਹਾਡੀ ਜਗ?ਹਾ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ, ਮਜ਼ਦੂਰਾਂ ਅਤੇ ਆਦਿਵਾਸੀਆਂ ਨੂੰ ਪੈਸਾ ਦਿੰਦੀ ਹੈ ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ।
(For more news apart from Rahul Vs PM Modi, stay tuned to Rozana Spokesman)