ਉਮੀਦਵਾਰਾਂ ਦੀ ਚੋਣ ਲਈ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਕੀਤਾ ਨਿਯੁਕਤ
ਗੁਹਾਟੀ : ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਅਸਾਮ ਲਈ ਉਮੀਦਵਾਰਾਂ ਦੀ ਚੋਣ ਲਈ ਸਕ੍ਰੀਨਿੰਗ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ, ਜਿਥੇ ਸਿਰਫ਼ ਤਿੰਨ ਮਹੀਨਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ। 126 ਮੈਂਬਰੀ ਅਸਾਮ ਵਿਧਾਨ ਸਭਾ ਦੀਆਂ ਚੋਣਾਂ ਇਸ ਸਾਲ ਮਾਰਚ-ਅਪ੍ਰੈਲ ’ਚ ਹੋਣ ਦੀ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਸਨਿਚਰਵਾਰ ਰਾਤ ਨੂੰ ਪੰਜ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ ਕੀਤਾ। ਪੱਛਮੀ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਦੇ ਨਾਲ-ਨਾਲ 2026 ਵਿਚ ਹੋਣ ਵਾਲੀਆਂ ਵੱਕਾਰੀ ਚੋਣਾਂ ਵਿਚ ਅਸਾਮ ਇਕ ਹੈ। ਆਸਾਮ ਲਈ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੋਂ ਇਲਾਵਾ, ਸੀਨੀਅਰ ਨੇਤਾ ਮਧੂਸੂਦਨ ਮਿਸਤਰੀ ਨੂੰ ਕੇਰਲ ਲਈ ਸਕ੍ਰੀਨਿੰਗ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ; ਛੱਤੀਸਗੜ੍ਹ ਦੇ ਸਾਬਕਾ ਉਪ ਮੁੱਖ ਮੰਤਰੀ ਟੀਐਸ ਸਿੰਘ ਦਿਓ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਲਈ ਅਤੇ ਪੱਛਮੀ ਬੰਗਾਲ ਲਈ ਸੀਨੀਅਰ ਨੇਤਾ ਬੀ.ਕੇ. ਹਰੀਪ੍ਰਸਾਦ ਨੂੰ ਚੁਣਿਆ ਗਿਆ ਹੈ।
ਬੰਗਾਲ ਵਿਚ ਲੜਾਈ ਮੁੱਖ ਤੌਰ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਕੇਂਦਰ ਦੀ ਸੱਤਾਧਾਰੀ ਭਾਜਪਾ ਵਿਚਕਾਰ ਮੰਨੀ ਜਾਂਦੀ ਹੈ। ਤਾਮਿਲਨਾਡੂ ਵਿਚ ਮੁੱਖ ਲੜਾਈ ਡੀਐਮਕੇ ਅਤੇ ਏਆਈਏਡੀਐਮਕੇ ਵਿਚਕਾਰ ਹੈ, ਜਿਥੇ ਕਾਂਗਰਸ ਅਤੇ ਭਾਜਪਾ ਛੋਟੀਆਂ ਭੂਮਿਕਾਵਾਂ ਨਿਭਾ ਰਹੀਆਂ ਹਨ। ਅਸਾਮ ਕਈ ਕਾਰਨਾਂ ਕਰਕੇ ਕਾਂਗਰਸ ਲਈ ਮੁੱਖ ਮੈਦਾਨ ਹੈ। ਇਥੇ ਕਾਂਗਰਸ ਭਾਜਪਾ ਤੋਂ ਸੱਤਾ ਖੋਹਣ ਦੀ ਕੋਸ਼ਿਸ਼ ਵਿਚ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਇਥੇ 2016 ਤੋਂ ਰਾਜ ਕਰ ਰਹੀ ਹੈ। ਕਾਂਗਰਸ ਦੇ ਆਖ਼ਰੀ ਮੁੱਖ ਮੰਤਰੀ ਰਹੇ ਤਰੁਣ ਗੋਗੋਈ ਦੇ ਪੁੱਤਰ ਗੌਰਵ ਗੋਗੋਈ ਨੂੰ ਕਾਂਗਰਸ ਕੈਂਪ ਵਿਚੋਂ ਮੋਹਰੀ ਮੰਨਿਆ ਜਾ ਰਿਹਾ ਹੈ। ਗੌਰਵ ਗੋਗੋਈ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਵੀ ਹਨ। ਅਸਾਮ ਦੀ ਸਕ੍ਰੀਨਿੰਗ ਕਮੇਟੀ ਦੇ ਚੇਅਰਪਰਸਨ ਵਜੋਂ ਪ੍ਰਿਯੰਕਾ ਦੀ ਨਾਮਜ਼ਦਗੀ ਦੇ ਨਾਲ, ਪਾਰਟੀ ਨੇ ਪਹਿਲੀ ਵਾਰ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਹੈ। ਅਪਣੀ ਨਵੀਂ ਭੂਮਿਕਾ ਵਿਚ ਉਹ ਆਉਣ ਵਾਲੀਆਂ ਰਾਜ ਚੋਣਾਂ ਲੜਨ ਲਈ ਉਮੀਦਵਾਰਾਂ ਦੀਆਂ ਸੂਚੀਆਂ ਨੂੰ ਅੰਤਿਮ ਰੂਪ ਦੇਵੇਗੀ ਅਤੇ ਛੋਟੀਆਂ ਪਾਰਟੀਆਂ ਨਾਲ ਗਠਜੋੜ ਵੀ ਕਰੇਗੀ।
