
ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਸੁਰੇਸ਼ ਅਰੋੜਾ ਅੱਜ ਵਿਸ਼ੇਸ਼ ਤੋਰ ਤੇ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ ਦਾ ਦੋਰਾ ਕਰਨ ਲਈ ਪਹੁੰਚੇ। ਜਿੰਨਾਂ ਨੇ.....
ਬਹਾਦਰਗੜ੍ਹ, 20 ਜੁਲਾਈ (ਮੁਲਤਾਨੀ) : ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਸੁਰੇਸ਼ ਅਰੋੜਾ ਅੱਜ ਵਿਸ਼ੇਸ਼ ਤੋਰ ਤੇ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ ਦਾ ਦੋਰਾ ਕਰਨ ਲਈ ਪਹੁੰਚੇ। ਜਿੰਨਾਂ ਨੇ ਕਮਾਂਡੋਂ ਜਵਾਨਾਂ ਦੀ ਐਨ.ਐਸ.ਜੀ ਲੈਵਲ ਦੀ ਬਣਾਈ 'ਘਾਤਕ ਟੀਮ' ਦੀ ਡੈਮੋ ਦੇਖੀ ਅਤੇ ਨਵੀਂ ਭਰਤੀ ਵਾਲੀਆਂ ਲੜਕੀਆਂ ਦੀ ਹੌਸਲਾ ਹਫਜਾਈ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪਹਿਲਾਂ ਨਾਲੋਂ ਬਿਹਤਰ ਹੈ, ਦੁਬਾਰਾ ਪੰਜਾਬ ਦਾ ਮਾਹੌਲ ਕਿਸੇ ਵੀ ਹਾਲਤ ਵਿਚ ਖ਼ਰਾਬ ਨਹੀਂ ਹੋਣ ਦਿਤਾ ਜਾਵੇਗਾ। ਜਿਥੇ ਤਕ ਕੁੱਝ ਧਾਰਮਕ ਆਗੁਆਂ ਦੇ ਕਤਲ ਦਾ ਸਵਾਲ ਹੈ ਤਾਂ ਉਨ੍ਹਾਂ ਵਿਚੋਂ ਕੁੱਝ ਤਾਂ ਟਰੇਸ ਹੋ ਚੁੱਕੇ ਹਨ ਅਤੇ ਕੁੱਝ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਨਵੀਂਆ ਤਕਨੀਕਾਂ ਦੀ ਵਰਤੋਂ ਅਤੇ ਨਵੇਂ ਗਰੁੱਪਾਂ ਦੇ ਪੈਦਾ ਹੋਣ ਨਾਲ ਕੁੱਝ ਦੇਰੀ ਜ਼ਰੂਰ ਹੋ ਜਾਂਦੀ ਹੈ।
ਡੀ.ਜੀ.ਪੀ. ਨੇ ਕਿਹਾ ਕਿ ਕਈ ਵਾਰ ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ ਕਾਫ਼ੀ ਲੋਕ ਗੁੰਮਰਾਹ ਹੋ ਜਾਂਦੇ ਹਨ। ਜਿਸ ਦੇ ਲਈ ਪੰਜਾਬ ਪੁਲਿਸ ਜਲਦੀ ਹੀ ਸੋਸ਼ਲ ਮੀਡੀਆ 'ਤੇ ਨਜ਼ਰਸਾਨੀ ਕਰਨ ਜਾ ਰਹੀ ਹੈ। ਜਿਸ ਵਿਚ ਜਿਥੇ ਗ਼ਲਤ ਪ੍ਰਚਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉਥੇ ਗ਼ਲਤ ਪ੍ਰਚਾਰ ਕਰਨ ਵਾਲਿਆਂ ਵਿਰੁਧ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਿੰਦੁਸਤਾਨ ਤੋ ਇਲਾਵਾ ਵਿਦੇਸ਼ਾ ਵਿਚ ਬੈਠੇ ਸ਼ਰਾਰਤੀ ਅਨਸਰ ਵੀ ਸ਼ੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਲਈ ਜ਼ਿੰਮੇਵਾਰ ਹਨ। ਇਸ ਮੌਕੇ ਡੀ.ਜੀ.ਪੀ. ਨੇ ਆਈ.ਜੀ. ਕਮਾਂਡੋ ਜਤਿੰਦਰ ਜੈਨ ਦੀ 'ਕਲਪਤਰੂ' ਨਾਮ ਦੀ ਪੁਸਤਕ ਵੀ ਰੀਲੀਜ਼ ਕੀਤੀ। ਇਸ ਮੌਕੇ ਉਨ੍ਹਾਂ ਨਾਲ ਏ.ਡੀ.ਜੀ.ਪੀ. ਰਾਕੇਸ਼ ਚੰਦਰਾ, ਆਈ.ਜੀ. ਕਮਾਂਡੋ ਜਤਿੰਦਰ ਜੈਨ, ਕਮਾਂਡੈਂਟ ਜਸਪ੍ਰੀਤ ਸਿੱਧੂ, ਗੁਰਪ੍ਰੀਤ ਸਿੰਘ, ਕਮਾਂਡੈਂਟ ਫਸਟ ਕਮਾਡੋ ਪ੍ਰਿਤਪਾਲ ਸਿੰਘ ਥਿੰਦ, ਰਾਕੇਸ਼ ਕੌਸ਼ਲ ਕਮਾਂਡੈਂਟ ਤੀਜੀ ਕਮਾਡੋ ਬਟਾਲੀਅਨ, ਪੀ.ਪੀ.ਐਸ. ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਸਤਵੀਰ ਅਟਵਾਲ, ਪੀ.ਪੀ.ਐਸ. ਸੁਖਦੇਵ ਸਿੰਘ ਵਿਰਕ, ਪੀ.ਪੀ.ਐਸ. ਹਰਪਾਲ ਸਿੰਘ, ਜਗਦੀਪ ਸਿੰਘ ਸੈਣੀ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।
ਕਮਾਡੋਂ ਟਰੇਨਿੰਗ ਸੈਂਟਰ ਲਈ 50 ਲੱਖ ਰੁਪਏ ਜਾਰੀ : ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ ਵਿਖੇ ਕਮਾਂਡੋ ਜਵਾਨਾਂ ਅਤੇ ਹੋਰ ਪੁਲਿਸ ਫੋਰਸ ਦੀ ਹਥਿਆਰ ਚਲਾਉਣ ਦੀ ਟਰੇਨਿੰਗ ਹੁੰਦੀ ਹੈ। ਟਰੇਨਿੰਗ ਦੌਰਾਨ ਗੋਲੀਆਂ ਟ੍ਰੇਨਿੰਗ ਸੈਂਟਰ ਦੀਆਂ ਦੀਵਾਰਾਂ ਪਾਰ ਕਰ ਕੇ ਕਈ ਵਾਰੀ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਜ਼ਖ਼ਮੀ ਕਰ ਚੁੱਕੀਆਂ ਹਨ। ਇਸ ਸਬੰਧੀ ਅੱਜ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਬਹਾਦਰਗੜ੍ਹ ਟ੍ਰੇਨਿੰਗ ਸੈਂਟਰ ਦੀ ਮੁਰੰਮਤ ਲਈ ਸੈਂਟਰ ਵਲੋਂ 47 ਲੱਖ ਰੁਪਏ ਦੀ ਪ੍ਰਪੋਜਲ ਭੇਜੀ ਗਈ ਸੀ। ਪਰ 50 ਲੱਖ ਰੁਪਇਆ ਮਨਜ਼ੂਰ ਕਰ ਦਿਤਾ ਗਿਆ ਹੈ। ਹੁਣ ਫ਼ਾਇੰਰੀਗ ਰੇਂਜ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ ਕਿ ਦੁਬਾਰਾ ਕਈ ਘਟਨਾ ਨਾ ਵਾਪਰੇ।