NCW ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਵਲੋਂ ਅਪਣੀ ਚੇਅਰਪਰਸਨ ਰੇਖਾ ਸ਼ਰਮਾ ਵਿਰੁਧ ਕੀਤੀ ਗਈ ਇਤਰਾਜ਼ਯੋਗ ਟਿਪਣੀ ਦਾ ਖੁਦ ਨੋਟਿਸ ਲਿਆ
ਨਵੀਂ ਦਿੱਲੀ: ਕੌਮੀ ਮਹਿਲਾ ਕਮਿਸ਼ਨ (NCW) ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਵਲੋਂ ਅਪਣੀ ਚੇਅਰਪਰਸਨ ਰੇਖਾ ਸ਼ਰਮਾ ਵਿਰੁਧ ਕੀਤੀ ਗਈ ਇਤਰਾਜ਼ਯੋਗ ਟਿਪਣੀ ਦਾ ਖੁਦ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਉਨ੍ਹਾਂ ਵਿਰੁਧ ਐਫ.ਆਈ.ਆਰ. ਦਰਜ ਕਰਨ ਲਈ ਕਿਹਾ ਹੈ।
ਚੋਣ ਕਮਿਸ਼ਨ ਦਾ ਇਹ ਰੁਖ ‘ਐਕਸ’ ’ਤੇ ਪੋਸਟ ਕੀਤੇ ਗਏ ਵੀਡੀਉ ’ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਵਲੋਂ ਟਿਪਣੀ ਕਰਨ ਦੇ ਇਕ ਦਿਨ ਬਾਅਦ ਆਇਆ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਭਾਜੜ ਵਾਲੀ ਥਾਂ ’ਤੇ ਪਹੁੰਚਣ ਵਾਲੀ ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਵੀਡੀਉ ’ਤੇ ਟਿਪਣੀ ਕਰਦਿਆਂ ਮਹੂਆ ਨੇ ਲਿਖਿਆ ਸੀ, ‘‘ਉਹ ਅਪਣੇ ਬੌਸ ਦੇ ਪਜਾਮੇ ਨੂੰ ਸੰਭਾਲਣ ’ਚ ਬਹੁਤ ਰੁੱਝੇ ਹੋਏ ਹਨ।’’ ਮਹੂਆ ਨੇ ਬਾਅਦ ’ਚ ਅਪਣੀ ਪੋਸਟ ਨੂੰ ਡਿਲੀਟ ਕਰ ਦਿਤਾ ਸੀ।
ਅਸਲ ਪੋਸਟ ’ਚ ਇਕ ਵਿਅਕਤੀ NCW ਪ੍ਰਧਾਨ ਦੇ ਪਿੱਛੇ ਛੱਤਰੀ ਫੜੀ ਹੋਈ ਵਿਖਾਈ ਦੇ ਰਿਹਾ ਹੈ। NCW ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਭੱਦਰ ਟਿਪਣੀ ਅਪਮਾਨਜਨਕ ਹੈ ਅਤੇ ਇਕ ਔਰਤ ਦੇ ਸਨਮਾਨ ਨਾਲ ਜਿਉਣ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ। ਕਮਿਸ਼ਨ ਨੇ ਕਿਹਾ ਕਿ ਇਹ ਟਿਪਣੀਆਂ ਭਾਰਤੀ ਨਿਆਂ ਜ਼ਾਬਤਾ, 2023 ਦੀ ਧਾਰਾ 79 ਦੇ ਅਧੀਨ ਆਉਂਦੀਆਂ ਹਨ।’’
NCW ਨੇ ਕਿਹਾ ਕਿ ਉਹ ਅਪਮਾਨਜਨਕ ਟਿਪਣੀਆਂ ਦੀ ਸਖਤ ਨਿੰਦਾ ਕਰਦਾ ਹੈ ਅਤੇ ਮੋਇਤਰਾ ਵਿਰੁਧ ਸਖਤ ਕਾਰਵਾਈ ਦੀ ਮੰਗ ਕਰਦਾ ਹੈ। NCW ਨੇ ਲਿਖਿਆ, ‘‘ਮੋਇਤਰਾ ਦੇ ਵਿਰੁਧ ਐਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਤਿੰਨ ਦਿਨਾਂ ਦੇ ਅੰਦਰ ਕਮਿਸ਼ਨ ਨੂੰ ਵਿਸਥਾਰਤ ਕਾਰਵਾਈ ਰੀਪੋਰਟ ਦਿਤੀ ਜਾਣੀ ਚਾਹੀਦੀ ਹੈ।’’
‘ਐਕਸ’ ’ਤੇ NCW ਦੇ ਪੋਸਟ ਨੂੰ ‘ਰੀਪੋਸਟ’ ਕਰਦਿਆਂ ਮੋਇਤਰਾ ਨੇ ਲਿਖਿਆ, ‘‘ਦਿੱਲੀ ਪੁਲਿਸ ਆਵੇ, ਕਿਰਪਾ ਕਰ ਕੇ ਇਨ੍ਹਾਂ ਆਪਣੇ-ਆਪ ਨੋਟਿਸ ਲੈਣ ਦੇ ਹੁਕਮਾਂ ’ਤੇ ਤੁਰਤ ਕਾਰਵਾਈ ਕਰੋ। ਜੇ ਤੁਹਾਨੂੰ ਅਗਲੇ ਤਿੰਨ ਦਿਨਾਂ ’ਚ ਮੈਨੂੰ ਤੁਰਤ ਗ੍ਰਿਫਤਾਰ ਕਰਨ ਦੀ ਲੋੜ ਹੈ, ਤਾਂ ਮੈਂ ਨਾਦੀਆ ’ਚ ਹਾਂ।’’ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ’ਤੇ ਨਿਸ਼ਾਨਾ ਸਾਧਦੇ ਹੋਏ ਮਹੂਆ ਨੇ ਕਿਹਾ, ‘‘ਮੈਂ ਅਪਣੀ ਛੱਤਰੀ ਖੁਦ ਸੰਭਾਲ ਸਕਦੀ ਹਾਂ।’’
ਇਕ ਹੋਰ ਪੋਸਟ ’ਚ ਮੋਇਤਰਾ ਨੇ ਸ਼ਰਮਾ ਵਲੋਂ ਕੀਤੀਆਂ ਗਈਆਂ ਪੋਸਟਾਂ ਦੇ ਕਈ ਸਕ੍ਰੀਨਸ਼ਾਟ ਸ਼ੇਅਰ ਕੀਤੇ ਅਤੇ ਕਿਹਾ ਕਿ ਉਨ੍ਹਾਂ ਪੋਸਟਾਂ ਵਿਰੁਧ ਵੀ ਐਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ। ਇਸ ਪੋਸਟ ’ਚ ਇਕ ਪੋਸਟ ਦਾ ਸਕ੍ਰੀਨਸ਼ਾਟ ਵੀ ਸ਼ਾਮਲ ਹੈ ਜਿਸ ’ਚ ਸ਼ਰਮਾ ਨੇ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਆਗੂ ਸੋਨੀਆ ਗਾਂਧੀ ’ਤੇ ਟਿਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ‘ਮੂਰਖ’ ਕਿਹਾ ਸੀ। ਇਕ ਹੋਰ ਪੋਸਟ ’ਚ ਸ਼ਰਮਾ ਨੇ ਕਿਹਾ, ‘‘ਮਹਾਤਮਾ ਗਾਂਧੀ ਇਕ ਚੰਗੇ ਪੁੱਤਰ ਨਹੀਂ ਹੋ ਸਕਦੇ, ਅਸੀਂ ਉਨ੍ਹਾਂ ਨੂੰ ਰਾਸ਼ਟਰ ਪਿਤਾ ਕਿਵੇਂ ਕਹਿ ਸਕਦੇ ਹਾਂ।’’
NCW ਨੇ ਬਿਰਲਾ ਨੂੰ ਲਿਖੀ ਚਿੱਠੀ ’ਚ ਕੌਮੀ ਮਹਿਲਾ ਕਮਿਸ਼ਨ ਨੇ ਲੋਕ ਸਭਾ ਸਪੀਕਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਮੋਇਤਰਾ ਵਿਰੁਧ ਢੁਕਵੀਂ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। NCW ਨੇ ਕਿਹਾ ਕਿ ‘ਅਸ਼ਲੀਲ’ ਟਿਪਣੀ ਨਾ ਸਿਰਫ ਅਪਮਾਨਜਨਕ ਹੈ ਬਲਕਿ ਇਕ ਔਰਤ ਦੇ ਸਨਮਾਨ ਨਾਲ ਜਿਉਣ ਦੇ ਅਧਿਕਾਰ ਦੀ ਵੀ ਉਲੰਘਣਾ ਕਰਦੀ ਹੈ।