
ਕਿਹਾ, ਪਿਛਲੀਆਂ ਦੋ ਚੋਣਾਂ ’ਚ ਦੋਵੇਂ ਵੱਡੀਆਂ ਪਾਰਟੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ
ਚੇਨਈ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਮੰਗਲਵਾਰ ਨੂੰ ਕਿਹਾ ਕਿ ਖਿਡਾਰੀਆਂ ਨੂੰ ਸਿਆਸਤ ’ਚ ਪੈਰ ਧਰਨ ਤੋਂ ਬਚਣਾ ਚਾਹੀਦਾ ਹੈ ਅਤੇ ਜੋ ਲੋਕ ਸਿਆਸਤ ’ਚ ਦਾਖ਼ਲਾ ਲੈਂਦੇ ਹਨ ਉਹ ਸਿਰਫ ‘ਹੰਕਾਰ ਅਤੇ ਸੱਤਾ ਦੀ ਭੁੱਖ’ ਲਈ ਅਜਿਹਾ ਕਰਦੇ ਹਨ।
ਸਹਿਵਾਗ ਨੇ ਐਕਸ ’ਤੇ ਲਿਖਿਆ, ‘‘ਮੈਨੂੰ ਸਿਆਸਤ ’ਚ ਕੋਈ ਦਿਲਚਸਪੀ ਨਹੀਂ ਹੈ। ਪਿਛਲੀਆਂ ਦੋ ਚੋਣਾਂ ’ਚ ਦੋਵੇਂ ਵੱਡੀਆਂ ਪਾਰਟੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ।’’
ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਫਿਲਮੀ ਸਿਤਾਰਿਆਂ ਅਤੇ ਖਿਡਾਰੀਆਂ ਨੂੰ ਸਿਆਸਤ ’ਚ ਨਹੀਂ ਆਉਣਾ ਚਾਹੀਦਾ ਕਿਉਂਕਿ ਉਨ੍ਹਾਂ ’ਚੋਂ ਜ਼ਿਆਦਾਤਰ ਅਪਣੀ ਹਉਮੈ ਅਤੇ ਸੱਤਾ ਦੀ ਭੁੱਖ ਲਈ ਸਿਆਸਤ ’ਚ ਆਉਂਦੇ ਹਨ ਅਤੇ ਲੋਕਾਂ ਲਈ ਸਹੀ ਸਮਾਂ ਨਹੀਂ ਕੱਢ ਪਾਉਂਦੇ। ਕੁਝ ਅਪਵਾਦ ਹੋ ਸਕਦੇ ਹਨ ਪਰ ਜ਼ਿਆਦਾਤਰ ਇਹ ਪੀ.ਆਰ. ਲਈ ਕਰਦੇ ਹਨ।’’
ਸਹਿਵਾਗ ਨੇ ਕਿਹਾ, ‘‘ਮੈਨੂੰ ਕ੍ਰਿਕਟ ਨਾਲ ਜੁੜਨਾ ਅਤੇ ਕੁਮੈਂਟਰੀ ਕਰਨਾ ਪਸੰਦ ਹੈ ਅਤੇ ਮੇਰੀ ਪਾਰਟ-ਟਾਈਮ ਐਮ.ਪੀ. ਬਣਨ ਦੀ ਕੋਈ ਇੱਛਾ ਨਹੀਂ ਹੈ।’’
ਸਹਿਵਾਗ ਇਕ ਅਜਿਹੇ ਵਿਅਕਤੀ ਦੇ ਸਵਾਲ ਦਾ ਜਵਾਬ ਦੇ ਰਹੇ ਹਨ, ਜਿਸ ਦਾ ਮੰਨਣਾ ਸੀ ਕਿ ਇਸ ਧਮਾਕੇਦਾਰ ਬੱਲੇਬਾਜ਼ ਨੂੰ ਗੌਤਮ ਗੰਭੀਰ ਤੋਂ ਪਹਿਲਾਂ ਸੰਸਦ ਮੈਂਬਰ ਬਣਨਾ ਚਾਹੀਦਾ ਸੀ।
ਸਹਿਵਾਗ ਦੀਆਂ ਟਿਪਣੀਆਂ ਅਜਿਹੇ ਸਮੇਂ ’ਚ ਆਈਆਂ ਹਨ ਜਦੋਂ ਉਨ੍ਹਾਂ ਦੇ ਦਿੱਲੀ ਦੇ ਸਾਥੀ ਗੌਤਮ ਗੰਭੀਰ ਪਾਕਿਸਤਾਨ ਵਿਰੁਧ ਭਾਰਤ ਦੇ ਏਸ਼ੀਆ ਕੱਪ ਮੈਚ ਦੌਰਾਨ ਪਾਲੇਕੇਲ ’ਚ ਭੀੜ ਨੂੰ ਉਂਗਲ ਵਿਖਾਉਣ ਕਾਰਨ ਵਿਵਾਦ ਦੇ ਕੇਂਦਰ ’ਚ ਹਨ। ਇਸ ’ਤੇ ਸਪੱਸ਼ਟੀਕਰਨ ਦਿੰਦੇ ਹੋਏ ਗੰਭੀਰ ਨੇ ਕਿਹਾ ਕਿ ਕੁਝ ਦਰਸ਼ਕ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ।
ਗੰਭੀਰ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਜਦੋਂ ਤੁਸੀਂ ਮੈਚ ਵੇਖਣ ਆਉਂਦੇ ਹੋ ਤਾਂ ਸਿਆਸੀ ਨਾਅਰੇ ਨਾ ਲਾਉ। ਜੇਕਰ ਤੁਸੀਂ ਭਾਰਤ ਵਿਰੋਧੀ ਨਾਅਰੇ ਲਗਾਉਂਦੇ ਹੋ ਜਾਂ ਕਸ਼ਮੀਰ ਬਾਰੇ ਕੁਝ ਕਹਿੰਦੇ ਹੋ, ਤਾਂ ਤੁਸੀਂ ਮੇਰੇ ਤੋਂ ਚੁੱਪ ਰਹਿਣ ਦੀ ਉਮੀਦ ਨਹੀਂ ਕਰ ਸਕਦੇ। ਸੋਸ਼ਲ ਮੀਡੀਆ ਕਦੇ ਵੀ ਤੁਹਾਨੂੰ ਪੂਰੀ ਤਸਵੀਰ ਨਹੀਂ ਵਿਖਾਉਂਦਾ।’’