
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਵਿਚ ਨਾਕਾਮ ਰਹੀ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਖਾਲੀ ਅਸਾਮੀਆਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੌਜਵਾਨਾਂ ਲਈ ਨਵੀਂ ਹੈ ਅਤੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਹਨਾਂ ਇਹ ਵੀ ਪੁੱਛਿਆ ਕਿ ਅੱਠ ਸਾਲਾਂ ਵਿਚ 16 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਚੁੱਪ ਕਿਉਂ ਹਨ?
ਖਾਲੀ ਅਸਾਮੀਆਂ ਨਾਲ ਜੁੜੇ ਕੁਝ ਅੰਕੜੇ ਸਾਂਝੇ ਕਰਦੇ ਹੋਏ ਖੜਗੇ ਨੇ ਟਵੀਟ ਕੀਤਾ, ''ਮੋਦੀ ਜੀ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਏ ਸਨ। ਹਰ ਸਾਲ ਦੋ ਕਰੋੜ ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਪੈਦਾ ਕਰਨਾ ਭੁੱਲ ਜਾਓ, ਭਾਜਪਾ ਸਰਕਾਰ ਪਿਛਲੇ ਅੱਠ ਸਾਲਾਂ ਵਿਚ ਕੇਂਦਰ ਸਰਕਾਰ ਵਿਚ ਖਾਲੀ ਪਈਆਂ 10 ਲੱਖ ਅਸਾਮੀਆਂ ਨੂੰ ਭਰਨ ਬਾਰੇ ਸੋਚ ਵੀ ਨਹੀਂ ਸਕੀ”।
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਨੇ ਤੰਜ਼ ਕੱਸਦਿਆਂ ਕਿਹਾ, "ਅਸੀਂ ਅੱਜਕੱਲ੍ਹ 'ਮੇਕ ਇਨ ਇੰਡੀਆ' ਅਤੇ 'ਸਕਿੱਲ ਇੰਡੀਆ' ਬਾਰੇ ਬਹੁਤ ਕੁਝ ਨਹੀਂ ਸੁਣਦੇ। ਇਹਨਾਂ ਪ੍ਰੋਗਰਾਮਾਂ ਅਤੇ ਇਹਨਾਂ ਨਾਲ ਜੁੜੇ ਨਾਅਰਿਆਂ ਦਾ ਕੀ ਬਣਿਆ? ਅੱਠ ਸਾਲਾਂ 'ਚ ਕਿੱਥੇ ਹਨ 16 ਕਰੋੜ ਨੌਕਰੀਆਂ? ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ?”
ਖੜਗੇ ਨੇ ਕਿਹਾ, “ਭਾਜਪਾ ਸਰਕਾਰ ਅਨੁਸੂਚਿਤ ਜਾਤੀਆਂ, ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕੰਮ ਕਰਨ ਦਾ ਦਾਅਵਾ ਕਰਦੀ ਹੈ। ਸਰਕਾਰ ਨੇ ਸੰਸਦ ਵਿਚ ਆਪਣੇ ਜਵਾਬ ਵਿਚ ਮੰਨਿਆ ਕਿ ਐਸਸੀ, ਐਸਟੀ ਅਤੇ ਓਬੀਸੀ ਦੀਆਂ ਖਾਲੀ ਅਸਾਮੀਆਂ ਅਜੇ ਭਰੀਆਂ ਜਾਣੀਆਂ ਹਨ। ਮੋਦੀ ਸਰਕਾਰ ਇਹਨਾਂ ਅਸਾਮੀਆਂ ਨੂੰ ਭਰਨ ਲਈ ਕੀ ਕਰ ਰਹੀ ਹੈ?”