
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੁਜਰਾਤ ਦੇ ਬਨਾਸਕਾਂਠਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੱਡੀ ਸਾਜ਼ਿਸ਼ ਰਚੀ ਗਈ ਸੀ।
ਅਹਿਮਦਾਬਾਦ: ਗੁਜਰਾਤ ਦੇ ਬਨਾਸਕਾਂਠਾ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਪੀਐਮ ਮੋਦੀ ਦੀ ਰੈਲੀ ਦੇ ਪੰਡਾਲ ਦਾ ਪੇਚ ਖੋਲ੍ਹਦਾ ਦੇਖਿਆ ਜਾ ਸਕਦਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੁਜਰਾਤ ਦੇ ਬਨਾਸਕਾਂਠਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੱਡੀ ਸਾਜ਼ਿਸ਼ ਰਚੀ ਗਈ ਸੀ।
ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਪੀਐਮ ਮੋਦੀ ਦੀ ਰੈਲੀ ਦੇ ਪੰਡਾਲ ਦਾ ਪੇਚ ਖੋਲ੍ਹ ਰਿਹਾ ਹੈ। ਉਹ ਆਪਣਾ ਕੰਮ ਇਸ ਤਰ੍ਹਾਂ ਕਰਦਾ ਜਾਪਦਾ ਹੈ ਕਿ ਕੋਈ ਉਸ ਨੂੰ ਦੇਖ ਨਾ ਸਕੇ। ਹਾਲਾਂਕਿ ਉੱਥੇ ਮੌਜੂਦ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ। ਇਹ ਵੀਡੀਓ ਉਦੋਂ ਸਾਹਮਣੇ ਆਇਆ ਹੈ ਜਦੋਂ ਗੁਜਰਾਤ ਦੇ ਮੋਰਬੀ ਵਿਚ ਇਕ ਪੁਲ ਡਿੱਗਣ ਕਾਰਨ 150 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ।
ਗੁਜਰਾਤ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਅਜੇ ਤੱਕ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਚੋਣ ਪ੍ਰਚਾਰ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਕਈ ਹਿੱਸਿਆਂ 'ਚ ਕਈ ਯੋਜਨਾਵਾਂ ਦਾ ਉਦਘਾਟਨ ਵੀ ਕਰ ਰਹੇ ਹਨ। ਇਸ ਸਿਲਸਿਲੇ ਵਿਚ ਉਹਨਾਂ ਨੇ ਬਨਾਸਕਾਂਠਾ ਦੇ ਥਰਾਡ ਵਿਚ 8000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਤੋਂ ਪਹਿਲਾਂ ਜੁਲਾਈ 2018 ਵਿਚ ਵੀ ਅਜਿਹੀ ਘਟਨਾ ਵਾਪਰੀ ਸੀ, ਜਦੋਂ ਪੱਛਮੀ ਬੰਗਾਲ ਦੇ ਮਿਦਨਾਪੁਰ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਪੰਡਾਲ ਡਿੱਗਣ ਕਾਰਨ 90 ਲੋਕ ਜ਼ਖ਼ਮੀ ਹੋ ਗਏ ਸਨ। ਫਿਰ ਪੀਐਮ ਮੋਦੀ ਵੀ ਹਸਪਤਾਲ ਗਏ ਅਤੇ ਜ਼ਖਮੀਆਂ ਨੂੰ ਮਿਲੇ। ਇਸ ਦੌਰਾਨ ਟੈਂਟ ਦਾ ਇਕ ਹਿੱਸਾ ਡਿੱਗ ਗਿਆ ਸੀ। ਪੀਐਮ ਮੋਦੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੋ ਲੋਕ ਟੈਂਟਾਂ 'ਤੇ ਚੜ੍ਹ ਰਹੇ ਹਨ, ਉਹ ਹੇਠਾਂ ਆਉਣ। ਫਿਰ ਪੀਐਮ ਮੋਦੀ ਦੇ ਕਾਫ਼ਲੇ ਵਿਚ ਸ਼ਾਮਲ ਐਂਬੂਲੈਂਸਾਂ ਅਤੇ ਬਾਈਕਾਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਹੁਣ ਗੁਜਰਾਤ ਦੇ ਬਨਾਸਕਾਂਠਾ ਤੋਂ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਪੰਡਾਲ ਵਿਚ ਲੱਗੇ ਲੋਹੇ ਦੇ ਬੈਟ ਦੇ ਨਟ-ਬੋਲਟ ਖੋਲ੍ਹ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਮੋਰਬੀ ਪੁਲ ਹਾਦਸੇ ਨਾਲ ਜੋੜ ਕੇ ਕਿਸੇ ਵੱਡੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟਾ ਰਹੇ ਹਨ।