
Delhi Voter List: ਚੋਣ ਕਮਿਸ਼ਨ ਨੇ ਅੰਤਮ ਵੋਟਰ ਸੂਚੀ ਕੀਤੀ ਜਾਰੀ
Delhi Voter List: ਦਿੱਲੀ ਵਿਚ ਫ਼ਰਵਰੀ ਮਹੀਨੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੰਤਮ ਵੋਟਰ ਸੂਚੀ ਜਾਰੀ ਕਰ ਦਿਤੀ ਹੈ। ਇਸ ਵਾਰ ਦਿੱਲੀ ਵਿਚ ਕੁੱਲ 1 ਕਰੋੜ 55 ਲੱਖ 24 ਹਜ਼ਾਰ 858 ਵੋਟਰ ਹਨ।
ਚੋਣ ਕਮਿਸ਼ਨ ਮੁਤਾਬਕ ਇਸ ਵਾਰ ਦਿੱਲੀ ਚੋਣਾਂ ਵਿਚ ਕੁੱਲ 1.55 ਕਰੋੜ ਤੋਂ ਵੱਧ ਵੋਟਰ ਹੋਣਗੇ। ਇਨ੍ਹਾਂ ਵਿਚ ਪੁਰਸ਼ ਵੋਟਰਾਂ ਦੀ ਗਿਣਤੀ 83,49,645 ਹੈ ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 71,73,952 ਹੈ। ਜਦੋਂ ਕਿ ਤੀਜੇ ਲਿੰਗ ਦੀ ਗਿਣਤੀ 1,261 ਹੈ। ਇਸ ਤੋਂ ਬਾਅਦ ਹੁਣ ਚੋਣ ਕਮਿਸ਼ਨ ਜਲਦ ਹੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿਚ 15 ਫ਼ਰਵਰੀ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਉਸ ਵਿਵਾਦ ਦੇ ਵਿਚਕਾਰ ਦਿੱਲੀ ਦੇ ਵੋਟਰਾਂ ਦੀ ਅੰਤਮ ਸੂਚੀ ਜਾਰੀ ਕਰ ਦਿਤੀ ਹੈ, ਜਿਸ ਵਿਚ ਵੋਟਰ ਸੂਚੀ ਤੋਂ ਵੋਟਰਾਂ ਦੇ ਨਾਮ ਹਟਾਉਣ ਦੇ ਦੋਸ਼ ਲਗਾਏ ਜਾ ਰਹੇ ਸਨ। ਕੁਝ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਭਾਜਪਾ ’ਤੇ ਵੋਟਰਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਾਉਣ ਲਈ ਅਰਜ਼ੀਆਂ ਦੇਣ ਦਾ ਦੋਸ਼ ਲਗਾਇਆ ਸੀ।