ਕਿਹਾ, ਖੇਤੀਬਾੜੀ ਮੰਤਰੀ ਨੇ ਤੱਥਾਂ ਦੇ ਆਧਾਰ ’ਤੇ ਗਲਤ ਗੱਲ ਕੀਤੀ
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਅਤੇ ਰਣਦੀਪ ਸੁਰਜੇਵਾਲਾ ਨੇ ਮੰਗਲਵਾਰ ਨੂੰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ’ਤੇ ਰਾਜ ਸਭਾ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਸ਼ੇਸ਼ ਅਧਿਕਾਰ ਨੋਟਿਸ ਪੇਸ਼ ਕੀਤਾ।
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਸੌਂਪੇ ਗਏ ਅਪਣੇ ਨੋਟਿਸ ’ਚ ਕਾਂਗਰਸ ਦੇ ਦੋ ਸੀਨੀਅਰ ਨੇਤਾਵਾਂ ਨੇ ਚੌਹਾਨ ਵਲੋਂ ਸਦਨ ’ਚ ਦਿਤੇ ਗਏ ਕੁੱਝ ਬਿਆਨਾਂ ਦਾ ਹਵਾਲਾ ਦਿਤਾ ਅਤੇ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਤੱਥਾਂ ਦੇ ਆਧਾਰ ’ਤੇ ਗਲਤ ਗੱਲ ਕੀਤੀ ਹੈ।
ਸੁਰਜੇਵਾਲਾ ਨੇ ਕਿਹਾ, ‘‘ਮੈਂ ਅਤੇ ਦਿਗਵਿਜੇ ਸਿੰਘ ਜੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਰੁਧ ਵਿਸ਼ੇਸ਼ ਅਧਿਕਾਰ ਨੋਟਿਸ ਦਿਤਾ ਹੈ। ਜੋ ਲੋਕ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਛੇੜੇਗਾ, ਉਸ ਦੀ ਜਵਾਬਦੇਹੀ ਤਾਂ ਹੋਵੇਗੀ।’’
ਨੋਟਿਸ ’ਚ ਦੋਹਾਂ ਆਗੂਆਂ ਨੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਉਹ ਨਿਯਮ 187 ਤਹਿਤ ਖੇਤੀਬਾੜੀ ਮੰਤਰੀ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮਤੇ ਦੀ ਇਜਾਜ਼ਤ ਦੇਣ, ਨਿਯਮ 190 ਤਹਿਤ ਸਦਨ ’ਚ ਇਸ ਮਾਮਲੇ ਨੂੰ ਉਠਾਉਣ ਦੀ ਆਗਿਆ ਦੇਣ ਅਤੇ ਨਿਯਮ 191 ਤਹਿਤ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ।
ਕਾਂਗਰਸ ਨੂੰ ਕਿਸਾਨ ਵਿਰੋਧੀ ਦਸਦੇ ਹੋਏ ਚੌਹਾਨ ਨੇ ਰਾਜ ਸਭਾ ’ਚ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕਿਸਾਨਾਂ ਨਾਲ ਵੋਟ ਬੈਂਕ ਸਮਝਣਾ ਬੰਦ ਕਰਨ ਅਤੇ ਉਨ੍ਹਾਂ ਨਾਲ ਇਨਸਾਨਾਂ ਵਰਗਾ ਵਿਵਹਾਰ ਕਰਨ।
ਉੱਚ ਸਦਨ ’ਚ ਖੇਤੀਬਾੜੀ ਮੰਤਰਾਲੇ ਦੇ ਕੰਮਕਾਜ ’ਤੇ ਬਹਿਸ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੇ ਨਾ ਸਿਰਫ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਇਆ ਹੈ ਬਲਕਿ ਉਨ੍ਹਾਂ ਦਾ ਸਨਮਾਨ ਵੀ ਵਧਾਇਆ ਹੈ।