
ਕਿਹਾ, ਸੰਘਵਾਲੇ ਸੰਵਿਧਾਨ ਵਿਚ ਦਿਤੇ ਰਾਖਵੇਂਕਰਨ ਦਾ ਪੂਰਾ ਸਮਰਥਨ ਕਰਦੇ ਹਨ
ਨਾਗਪੁਰ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਬੁਧਵਾਰ ਨੂੰ ਕਿਹਾ ਕਿ ਜਦੋਂ ਤਕ ਸਮਾਜ ’ਚ ਵਿਤਕਰਾ ਹੈ ਰਿਜ਼ਰਵੇਸ਼ਨ ਜਾਰੀ ਰਹੇਗੀ।
ਇੱਥੇ ਇਕ ਪ੍ਰੋਗਰਾਮ ’ਚ ਅਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਵਿਤਕਰਾ ਭਾਵੇਂ ਨਜ਼ਰ ਨਹੀਂ ਆਉਂਦਾ ਪਰ ਸਮਾਜ ’ਚ ਇਹ ਪ੍ਰਚਲਿਤ ਹੈ।
ਉਨ੍ਹਾਂ ਕਿਹਾ, ‘‘ਅਸੀਂ ਅਪਣੇ ਭਰਾਵਾਂ ਨੂੰ ਸਮਾਜਕ ਪ੍ਰਣਾਲੀ ’ਚ ਪਿੱਛੇ ਛੱਡ ਦਿਤਾ ਹੈ। ਅਸੀਂ ਉਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਅਤੇ ਇਹ 2000 ਸਾਲਾਂ ਤਕ ਚਲਦਾ ਰਿਹਾ। ਜਦੋਂ ਤਕ ਅਸੀਂ ਉਨ੍ਹਾਂ ਨੂੰ ਬਰਾਬਰੀ ਪ੍ਰਦਾਨ ਨਹੀਂ ਕਰਦੇ, ਉਦੋਂ ਤਕ ਕੁਝ ਖਾਸ ਇਲਾਜ ਹੋਣਾ ਚਾਹੀਦਾ ਹੈ ਅਤੇ ਰਿਜ਼ਰਵੇਸ਼ਨ ਉਨ੍ਹਾਂ ’ਚੋਂ ਇਕ ਹੈ। ਇਸ ਲਈ ਰਾਖਵਾਂਕਰਨ ਉਦੋਂ ਤਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤਕ ਅਜਿਹਾ ਵਿਤਕਰਾ ਜਾਰੀ ਰਹੇਗਾ। ਅਸੀਂ ਸੰਘਵਾਲੇ ਸੰਵਿਧਾਨ ਵਿਚ ਦਿਤੇ ਰਾਖਵੇਂਕਰਨ ਦਾ ਪੂਰਾ ਸਮਰਥਨ ਕਰਦੇ ਹਾਂ।’’
ਭਾਗਵਤ ਨੇ ਕਿਹਾ ਕਿ ਇਹ ਸਿਰਫ਼ ਵਿੱਤੀ ਜਾਂ ਰਾਜਨੀਤਿਕ ਬਰਾਬਰੀ ਯਕੀਨੀ ਬਣਾਉਣ ਲਈ ਨਹੀਂ ਹੈ, ਸਗੋਂ ਸਨਮਾਨ ਦੇਣ ਲਈ ਵੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਵਿਤਕਰੇ ਦਾ ਸਾਹਮਣਾ ਕਰ ਰਹੇ ਸਮਾਜ ਦੇ ਕੁਝ ਵਰਗਾਂ ਨੇ 2000 ਸਾਲਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ, ਤਾਂ ਅਸੀਂ (ਜਿਨ੍ਹਾਂ ਨੇ ਵਿਤਕਰੇ ਦਾ ਸਾਹਮਣਾ ਨਹੀਂ ਕੀਤਾ ਹੈ) ਹੋਰ 200 ਸਾਲਾਂ ਲਈ ਕੁਝ ਸਮੱਸਿਆਵਾਂ ਦਾ ਸਾਹਮਣਾ ਕਿਉਂ ਨਹੀਂ ਕਰ ਸਕਦੇ?