
ਕਿਹਾ, ਅਗਨੀਪਥ ਯੋਜਨਾ ਸੈਨਾ 'ਤੇ ਥੋਪੀ ਗਈ ਹੈ
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ 'ਅਗਨੀਪਥ' ਯੋਜਨਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਅਤੇ ਗ੍ਰਹਿ ਮੰਤਰਾਲੇ ਵੱਲੋਂ ਲਿਆਂਦੀ ਗਈ ਹੈ, ਅਤੇ ਫ਼ੌਜ 'ਤੇ ਇਸ ਨੂੰ ਥੋਪਿਆ ਗਿਆ ਹੈ।
ਰਾਸ਼ਟਰਪਤੀ ਦੇ ਭਾਸ਼ਣ 'ਤੇ ਸਦਨ 'ਚ ਲਿਆਂਦੇ ਧੰਨਵਾਦ ਮਤੇ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਉਨ੍ਹਾਂ 'ਭਾਰਤ ਜੋੜੋ ਯਾਤਰਾ' ਦੇ ਆਪਣੇ ਤਜਰਬੇ ਦਾ ਜ਼ਿਕਰ ਕਰਦਿਆਂ ਕਿਹਾ, ਕਿ ਇਸ ਦੌਰਾਨ ਉਨ੍ਹਾਂ ਨੂੰ ਜਨਤਾ ਦੀ ਅਵਾਜ਼ ਨੂੰ ਬਹੁਤ ਡੂੰਘਾਈ ਨਾਲ ਸੁਣਨ ਦਾ ਮੌਕਾ ਮਿਲਿਆ।
ਰਾਹੁਲ ਨੇ ਕਿਹਾ, ''ਮੈਨੂੰ ਯਾਤਰਾ ਦੌਰਾਨ ਬਹੁਤ ਕੁਝ ਸੁਣਨ ਨੂੰ ਮਿਲਿਆ। ਲੋਕਾਂ ਨੇ ਜਿਨ੍ਹਾਂ ਮੁੱਦਿਆਂ ਬਾਰੇ ਮੈਨੂੰ ਸਭ ਤੋਂ ਵੱਧ ਦੱਸਿਆ, ਉਨ੍ਹਾਂ ਵਿੱਚੋਂ ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਮੁੱਖ ਹਨ।"
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਸਹਿਮਤ ਨਹੀਂ ਹਨ ਕਿ ਨੌਜਵਾਨਾਂ ਨੂੰ 'ਅਗਨੀਵੀਰ' ਬਣਾਉਣ ਦੀ ਯੋਜਨਾ ਦਾ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।
ਉਨ੍ਹਾਂ ਕਿਹਾ, ''ਫ਼ੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਕਈ ਹੋਰ ਲੋਕਾਂ ਨੇ ਮੈਨੂੰ ਦੱਸਿਆ ਕਿ ਇਹ ਯੋਜਨਾ ਆਰ.ਐਸ.ਐਸ. ਅਤੇ ਗ੍ਰਹਿ ਮੰਤਰਾਲੇ ਤੋਂ ਆਈ ਹੈ। ਇਹ ਯੋਜਨਾ ਫ਼ੌਜ ਵੱਲੋਂ ਨਹੀਂ ਆਈ। ਇਹ ਸਕੀਮ ਫ਼ੌਜ 'ਤੇ ਥੋਪੀ ਗਈ ਹੈ।"
ਰਾਹੁਲ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ, ਪਰ ਅਗਨੀਪਥ ਯੋਜਨਾ 'ਤੇ ਸਿਰਫ਼ ਇੱਕ ਵਾਰ ਗੱਲ ਕੀਤੀ ਗਈ ਅਤੇ ਇਹ ਨਹੀਂ ਦੱਸਿਆ ਗਿਆ ਕਿ ਇਹ ਯੋਜਨਾ ਕਿੱਥੋਂ ਆਈ, ਕਿਸ ਨੇ ਬਣਾਈ।
ਉਨ੍ਹਾਂ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਦਾ ਨਾਂ ਲੈਂਦਿਆਂ ਦਾਅਵਾ ਕੀਤਾ ਕਿ ਇਹ ਯੋਜਨਾ ਉਨ੍ਹਾਂ ਨੇ ਹੀ ਬਣਾਈ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ, "ਰਾਸ਼ਟਰਪਤੀ ਦੇ ਭਾਸ਼ਣ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੇ ਸ਼ਬਦ ਇੱਕ ਵਾਰ ਵੀ ਨਹੀਂ ਆਏ।"
ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੀ 'ਭਾਰਤ ਜੋੜੋ ਯਾਤਰਾ' ਦੌਰਾਨ ਦੇਸ਼ 'ਚ ਜਿੱਥੇ ਵੀ ਗਏ, ਹਰ ਪਾਸੇ 'ਅਡਾਨੀ' ਦਾ ਨਾਂਅ ਸੁਣਨ ਨੂੰ ਮਿਲਿਆ।
ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨਾਲ ਜੁੜੇ ਤਾਜ਼ਾ ਘਟਨਾਕ੍ਰਮ 'ਚ ਅਡਾਨੀ ਦੇ ਨਾਂਅ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ''ਮੈਂ ਦੇਸ਼ ਵਿੱਚ ਜਿੱਥੇ ਵੀ ਗਿਆ, ਹਰ ਪਾਸੇ ਇੱਕ ਹੀ ਨਾਂ 'ਅਡਾਨੀ' ਸੁਣਨ ਨੂੰ ਮਿਲਿਆ, ਲੋਕਾਂ ਨੇ ਪੁੱਛਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ।"