
ਹੁਣ ‘ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ’ ਆਖਿਆ ਜਾਵੇਗਾ ਸ਼ਰਦ ਪਵਾਰ ਦੀ ਪਾਰਟੀ ਨੂੰ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਬੁਧਵਾਰ ਨੂੰ ਸ਼ਰਦ ਪਵਾਰ ਦੀ ਅਗਵਾਈ ਵਾਲੇ ਸਮੂਹ ਨੂੰ ਪਾਰਟੀ ਦਾ ਨਾਂ ‘ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ’ ਐਲਾਨ ਦਿਤਾ। ਚੋਣ ਕਮਿਸ਼ਨ ਦਾ ਇਹ ਹੁਕਮ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦਾ ਨਾਮ ਅਤੇ ‘ਘੜੀ’ ਦਾ ਨਿਸ਼ਾਨ ਦਿਤੇ ਜਾਣ ਤੋਂ ਇਕ ਦਿਨ ਬਾਅਦ ਆਇਆ ਹੈ।
ਅਜੀਤ ਪਵਾਰ ਨੇ ਪਿਛਲੇ ਸਾਲ ਜੁਲਾਈ ’ਚ ਐਨ.ਸੀ.ਪੀ. ਦੇ ਜ਼ਿਆਦਾਤਰ ਵਿਧਾਇਕਾਂ ਤੋਂ ਵੱਖ ਹੋ ਕੇ ਮਹਾਰਾਸ਼ਟਰ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਭਾਜਪਾ-ਸ਼ਿਵ ਸੈਨਾ ਸਰਕਾਰ ਦਾ ਸਮਰਥਨ ਕੀਤਾ ਸੀ। ਚੋਣ ਕਮਿਸ਼ਨ ਨੇ ਸ਼ਰਦ ਪਵਾਰ ਸਮੂਹ ਨੂੰ ਤਿੰਨ ਨਾਵਾਂ ਦਾ ਸੁਝਾਅ ਦੇਣ ਲਈ ਕਿਹਾ ਸੀ, ਜਿਨ੍ਹਾਂ ਵਿਚੋਂ ਇਕ ਮਹਾਰਾਸ਼ਟਰ ਵਿਚ ਆਉਣ ਵਾਲੀਆਂ ਰਾਜ ਸਭਾ ਚੋਣਾਂ ਦੇ ਮੱਦੇਨਜ਼ਰ ਅਲਾਟ ਕੀਤਾ ਜਾ ਸਕਦਾ ਹੈ।
ਇਸ ਅਨੁਸਾਰ, ਸ਼ਰਦ ਪਵਾਰ ਸਮੂਹ ਨੇ ਕਮਿਸ਼ਨ ਨੂੰ ਤਿੰਨ ਨਾਮ ਸੁਝਾਏ - ਰਾਸ਼ਟਰਵਾਦੀ ਕਾਂਗਰਸ ਪਾਰਟੀ - ਸ਼ਰਦ ਚੰਦਰ ਪਵਾਰ, ਰਾਸ਼ਟਰਵਾਦੀ ਕਾਂਗਰਸ ਪਾਰਟੀ - ਸ਼ਾਰਦਾਰਾਓ ਪਵਾਰ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ - ਸ਼ਰਦ ਪਵਾਰ।
ਸ਼ਰਦ ਪਵਾਰ ਧੜੇ ਨੇ ਅਪਣੇ ਲਈ ਚੋਣ ਨਿਸ਼ਾਨ ‘ਬਰਗਦ ਦਾ ਰੁੱਖ’ ਵੀ ਮੰਗਿਆ ਸੀ। ਕਮਿਸ਼ਨ ਨੇ ਸ਼ਰਦ ਪਵਾਰ ਨੂੰ ਕਿਹਾ ਕਿ ਉਸ ਨੇ ਮਹਾਰਾਸ਼ਟਰ ’ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੇ ਮੱਦੇਨਜ਼ਰ ਤੁਹਾਡੀ ਪਹਿਲੀ ਪਸੰਦ ‘ਰਾਸ਼ਟਰਵਾਦੀ ਕਾਂਗਰਸ ਪਾਰਟੀ- ਸ਼ਰਦ ਚੰਦਰ ਪਵਾਰ’ ਨੂੰ ਤੁਹਾਡੇ ਗਰੁੱਪ/ਧੜੇ ਦੇ ਨਾਂ ਵਜੋਂ ਮਨਜ਼ੂਰ ਕਰ ਲਿਆ ਹੈ।