
ਕਿਹਾ, ਕਾਂਗਰਸ ਵਲੋਂ ਫੁਲਾਇਆ ਝੂਠ ਦਾ ਗੁਬਾਰਾ ਭਾਵੇਂ ਕਿੰਨਾ ਵੀ ਵੱਡਾ ਹੋਵੇ, ਕੋਈ ਅਸਰ ਨਹੀਂ
ਸ਼ਿਵਮੋਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਰਨਾਟਕ ਵਿਚ ਨਿਜੀ ਖੇਤਰ ਵਿਚ ਹਰ ਸਾਲ ਦੋ ਲੱਖ ਨੌਕਰੀਆਂ ਦੇਣ ਦੇ ਕਾਂਗਰਸ ਦੇ ਵਾਅਦੇ ਨੂੰ ‘ਝੂਠ’ ਕਰਾਰ ਦਿਤਾ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੀ ਸੱਤਾਧਾਰੀ ਭਾਜਪਾ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਸੂਬੇ ਵਿਚ ਹਰ ਸਾਲ 13 ਲੱਖ ਤੋਂ ਵੱਧ ਲੋਕਾਂ ਨੂੰ ਰਸਮੀ ਨੌਕਰੀਆਂ ਦਿਤੀਆਂ ਹਨ।
10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਵਮੋਗਾ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ 'ਝੂਠ ਫੈਲਾਉਣ' ਲਈ ਇਕ ਸਿਸਟਮ ਬਣਾਇਆ ਹੈ, ਪਰ ਚਾਹੇ ਉਹ ਕਿੰਨਾ ਵੀ 'ਵੱਡਾ ਗੁਬਾਰਾ' ਫੁਲਾ ਲਵੇ, ਚੋਣਾਂ 'ਚ ਇਸ ਦਾ ਮੇਰੇ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਅਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੇ ਟੀਚੇ ਵਾਲੀ ਕਾਂਗਰਸ ਕਦੇ ਵੀ ਨੌਜਵਾਨਾਂ ਦੇ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੀ। ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਕਿਹਾ, “ਤੁਹਾਡਾ ਮੋਦੀ ਨਹੀਂ ਚਾਹੁੰਦਾ ਕਿ ਤੁਸੀਂ ਉਨ੍ਹਾਂ ਮੁਸੀਬਤਾਂ ਵਿਚੋਂ ਲੰਘੋ ਜਿਸ ਦਾ ਸਾਹਮਣਾ ਤੁਹਾਡੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਕਰਨਾ ਪਿਆ ਸੀ। ਮੋਦੀ ਹੁਣ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੁੰਦੇ ਹਨ ਤਾਂ ਜੋ ਤੁਸੀਂ ਅੱਗੇ ਵਧ ਸਕੋ।''
ਇਹ ਵੀ ਪੜ੍ਹੋ: ਸਿਰਫ਼ ਮੋਦੀ ਦੀ ਜੈਕੇਟ ਮਸ਼ਹੂਰ ਹੈ ਅਤੇ ਉਹ ਇਸ ਨੂੰ ਦਿਨ 'ਚ ਚਾਰ ਵਾਰ ਬਦਲਦੇ ਹਨ : ਮੱਲਿਕਾਰਜੁਨ ਖੜਗੇ
ਕਾਂਗਰਸ ਨੂੰ 85 ਫ਼ੀ ਸਦੀ ਕਮਿਸ਼ਨ ਦੇਣ ਵਾਲੀ ਪਾਰਟੀ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਕਦੇ ਵੀ ਦੇਸ਼ ਦੇ ਨੌਜਵਾਨਾਂ ਬਾਰੇ ਨਹੀਂ ਸੋਚਿਆ ਅਤੇ ਇਹ ਭਾਜਪਾ ਸਰਕਾਰ ਹੈ ਜਿਸ ਦੇ ਅਧੀਨ ਪਿਛਲੇ 9 ਸਾਲਾਂ ਵਿਚ ਦੇਸ਼ 'ਚ ਹਰ ਦੋ ਦਿਨ ਬਾਅਦ ਇਕ ਨਵਾਂ ਇਕ ਕਾਲਜ ਬਣਾਇਆ ਗਿਆ ਅਤੇ ਹਰ ਹਫ਼ਤੇ ਇਕ ਨਵੀਂ ਯੂਨੀਵਰਸਿਟੀ ਬਣਾਈ ਗਈ।
ਉਨ੍ਹਾਂ ਕਿਹਾ, “ਕਾਂਗਰਸ ਨੇ ਪੰਜ ਸਾਲਾਂ ਵਿਚ ਨਿਜੀ ਖੇਤਰ ਵਿਚ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਮਤਲਬ ਹਰ ਸਾਲ ਦੋ ਲੱਖ ਨੌਕਰੀਆਂ। ਕਾਂਗਰਸ ਦਾ ਇਹ ਝੂਠ ਫੜਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕਾਂ ਨੂੰ ਕਿਵੇਂ ਧੋਖਾ ਦੇ ਰਹੀ ਹੈ।"
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, “ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ,ਅਜਿਹੇ ਸਮੇਂ ਵਿਚ ਜਦੋਂ ਪੂਰੀ ਦੁਨੀਆ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਹੀ ਸੀ,ਕਰਨਾਟਕ ਵਿਚ ਭਾਜਪਾ ਸਰਕਾਰ ਨੇ ਹਰ ਸਾਲ 13 ਲੱਖ ਤੋਂ ਵੱਧ ਰਸਮੀ ਨੌਕਰੀਆਂ ਪ੍ਰਦਾਨ ਕੀਤੀਆਂ।''
ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਜਿਸ ਤਰ੍ਹਾਂ ਦੀਆਂ ਹਨ, ਨਿਵੇਸ਼ਕ ਕਰਨਾਟਕ ਤੋਂ ਬਾਹਰ ਚਲੇ ਜਾਣਗੇ, ਕਿਉਂਕਿ ਕਾਂਗਰਸ ਭਾਜਪਾ ਸਰਕਾਰ ਵਲੋਂ ਨਿਵੇਸ਼ ਵਧਾਉਣ ਲਈ ਕੀਤੇ ਗਏ ਪ੍ਰਬੰਧਾਂ ਨੂੰ ਰੋਕਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਕਾਂਗਰਸ ਨਿਵੇਸ਼ ਰੋਕਣ ਦੀ ਸਾਜ਼ਸ਼ ਰਚ ਰਹੀ ਹੈ।