
ਕਿਹਾ, ਕੀ ਕਾਂਗਰਸ ਨੂੰ ਗਾਲ੍ਹਾਂ ਕੱਢਣ ਨਾਲ ਦੇਸ਼ ਤਰੱਕੀ ਕਰੇਗਾ?
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸਿਰਫ਼ ਉਨ੍ਹਾਂ ਦੀ ਜੈਕੇਟ ਮਸ਼ਹੂਰ ਹੈ ਅਤੇ ਉਹ ਦਿਨ ਵਿਚ ਚਾਰ ਵਾਰ ਇਸ ਨੂੰ ਬਦਲਦੇ ਹਨ। ਮੱਲਿਕਾਅਰਜੁਨ ਖੜਗੇ ਨੇ ਭਾਰਤ ਦੀ ਆਜ਼ਾਦੀ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੋਗਦਾਨ 'ਤੇ ਵੀ ਸਵਾਲ ਚੁੱਕੇ ਹਨ।
ਮੱਲਿਕਾਅਰਜੁਨ ਖੜਗੇ ਨੇ ਕਿਹਾ, 'ਜਦੋਂ ਕਾਂਗਰਸੀਆਂ ਦੀਆਂ ਜਾਨਾਂ ਕੁਰਬਾਨ ਹੋ ਰਹੀਆਂ ਸਨ, ਆਰ.ਐਸ.ਐਸ. ਦੇ ਆਗੂ ਸਰਕਾਰੀ ਅਹੁਦੇ ਹਾਸਲ ਕਰਨ ਵਿਚ ਲੱਗੇ ਹੋਏ ਸਨ। ਮੋਦੀ ਕਹਿੰਦੇ ਰਹਿੰਦੇ ਹਨ ਕਿ ਕਾਂਗਰਸ ਨੇ ਪਿਛਲੇ 70 ਸਾਲਾਂ ਵਿਚ ਕੀ ਕੀਤਾ ਹੈ। ਜੇਕਰ ਅਸੀਂ 70 ਸਾਲਾਂ ਵਿਚ ਕੁਝ ਨਾ ਕੀਤਾ ਹੁੰਦਾ ਤਾਂ ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ। ਅਸੀਂ ਆਜ਼ਾਦੀ ਲਈ ਲੜੇ। ਮਹਾਤਮਾ ਗਾਂਧੀ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਸਾਨੂੰ ਆਜ਼ਾਦੀ ਦਿਵਾਈ ਸੀ।
ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਨਹੀਂ ਦਿਖਾਈ ਜਾਵੇਗੀ 'ਦਿ ਕੇਰਲਾ ਸਟੋਰੀ': ਮਲਟੀਪਲੈਕਸ ਸੰਸਥਾਵਾਂ ਨੇ ਲਿਆ ਫ਼ੈਸਲਾ
ਮੱਲਿਕਾਰਜੁਨ ਖੜਗੇ ਨੇ ਕਿਹਾ, 'ਗਾਂਧੀ ਟੋਪੀ ਮਹਾਤਮਾ ਗਾਂਧੀ ਕਾਰਨ ਹੀ ਦੇਸ਼ ਅਤੇ ਦੁਨੀਆ 'ਚ ਮਸ਼ਹੂਰ ਹੋਈ। ਨਹਿਰੂ ਦੀ ਕਮੀਜ਼ ਨਹਿਰੂ ਕਾਰਨ ਮਸ਼ਹੂਰ ਹੋ ਗਈ। ਤੁਹਾਡੀ ਸਿਰਫ਼ ਜੈਕਟ ਮਸ਼ਹੂਰ ਹੈ। ਤੁਸੀਂ ਰੋਜ਼ਾਨਾ ਚਾਰ ਜੈਕਟਾਂ ਪਹਿਨਦੇ ਹੋ - ਲਾਲ, ਪੀਲੀ, ਨੀਲੀ ਅਤੇ ਭਗਵਾ। ਹੁਣ ਇਹ 'ਮੋਦੀ ਜੈਕੇਟ' ਦੇ ਨਾਂ ਨਾਲ ਮਸ਼ਹੂਰ ਹੋ ਰਹੀ ਹੈ। ਉਹ ਜਿਥੇ ਵੀ ਜਾਂਦੇ ਹਨ, 'ਮੋਦੀ-ਮੋਦੀ' ਹੀ ਕਰਦੇ ਹਨ, ਕਿਰਪਾ ਕਰ ਕੇ ਇਸ ਇਲਾਕੇ ਅਤੇ ਦੇਸ਼ ਦਾ ਭਲਾ ਕਰੋ। ਕੀ ਕਾਂਗਰਸ ਨੂੰ ਗਾਲ੍ਹਾਂ ਕੱਢਣ ਨਾਲ ਦੇਸ਼ ਤਰੱਕੀ ਕਰੇਗਾ?
ਮੱਲਿਕਾਰਜੁਨ ਖੜਗੇ ਨੇ ਕਿਹਾ, 'ਕਾਂਗਰਸ ਨੇ ਡਾਕਟਰ ਬੀ.ਆਰ. ਅੰਬੇਡਕਰ ਨੂੰ ਭਾਰਤੀ ਸੰਵਿਧਾਨ ਲਿਖਣ ਲਈ ਕਿਹਾ, ਜਿਸ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਸਮੇਤ ਬਰਾਬਰ ਦੇ ਅਧਿਕਾਰ ਦਿਤੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਦਲਿਤ, ਆਦਿਵਾਸੀ ਅਤੇ ਓ.ਬੀ.ਸੀ. ਲੋਕ ਪੰਚਾਇਤ ਪ੍ਰਧਾਨ, ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਬਣ ਰਹੇ ਹਨ ਤਾਂ ਇਹ ਕਾਂਗਰਸ ਵਲੋਂ ਦੇਸ਼ ਨੂੰ ਦਿਤਾ ਗਿਆ ਸੰਵਿਧਾਨ ਹੀ ਹੈ।
ਮੱਲਿਕਾਰਜੁਨ ਖੜਗੇ ਨੇ ਕਿਹਾ, '70 ਸਾਲ ਤੋਂ ਪਹਿਲਾਂ ਅਜਿਹਾ ਸੰਭਵ ਨਹੀਂ ਸੀ। ਨਾ ਤਾਂ ਸੰਘ ਅਤੇ ਨਾ ਹੀ ਭਾਜਪਾ ਦੇਸ਼ ਦੀ ਆਜ਼ਾਦੀ ਲਈ ਲੜੇ। ਅਸੀਂ ਹੀ ਆਜ਼ਾਦੀ ਲਈ ਲੜੇ ਸੀ। ਤੁਸੀਂ ਜੇਲ ਨਹੀਂ ਗਏ। ਤੁਹਾਡੀ ਪਾਰਟੀ ਦਾ ਕੋਈ ਵੀ ਵਿਅਕਤੀ ਅੱਜ ਤੱਕ ਫਾਂਸੀ ਦੇ ਤਖ਼ਤੇ 'ਤੇ ਨਹੀਂ ਚੜ੍ਹਿਆ।
ਮੱਲਿਕਾਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਕਰਨਾਟਕ ਤੋਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਕੋਲ ਸੂਬੇ ਨਾਲ ਸਬੰਧਤ ਕੋਈ ਮੁੱਦਾ ਨਹੀਂ ਚੁੱਕ ਸਕੇ ਕਿਉਂਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਦਾ ਮੌਕਾ ਵੀ ਨਹੀਂ ਦਿਤਾ ਗਿਆ।