
ਜੋਤੀਰਾਦਿੱਤਿਆ ਸਿੰਧੀਆ ਨੂੰ ਲੋਕ ਸਭਾ ਚੋਣਾਂ 'ਚ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ 'ਚ ਅਸਤੀਫ਼ਿਆਂ ਦਾ ਦੌਰ ਜਾਰੀ ਹੈ। ਹੁਣ ਕਾਂਗਰਸ ਦੇ ਸੀਨੀਅਰ ਆਗੂ ਜੋਤੀਰਾਦਿੱਤਿਆ ਸਿੰਧੀਆ ਨੇ ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਲੋਕ ਸਭਾ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਵੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।
Jyotiraditya Scindia
ਜੋਤੀਰਾਦਿੱਤਿਆ ਸਿੰਧੀਆ ਨੇ ਅਸਤੀਫ਼ੇ ਦਾ ਐਲਾਨ ਕਰਦਿਆਂ ਟਵੀਟ ਕੀਤਾ, "ਲੋਕਾਂ ਦਾ ਫ਼ੈਸਲਾ ਸਵੀਕਾਰ ਕਰਦੇ ਹੋਏ ਅਤੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੈਂ ਰਾਹੁਲ ਗਾਂਧੀ ਨੂੰ ਕਾਂਗਰਸ ਜਨਰਲ ਸਕੱਤਰ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਮੈਂ ਰਾਹੁਲ ਨੂੰ ਇਹ ਜ਼ਿੰਮੇਵਾਰੀ ਮੈਨੂੰ ਸੌਂਪਣ ਅਤੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਧਨਵਾਦ ਕਰਦਾ ਹਾਂ।"
Jyotiraditya Scindia
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਹੋਈ ਸੀ। ਇਨ੍ਹਾਂ ਚੋਣਾਂ 'ਚ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਆਪਣੀ ਸੀਟ ਹਾਰ ਗਏ ਸਨ। ਜੋਤੀਰਾਦਿੱਤਿਆ ਸਿੰਧੀਆ ਨੂੰ ਵੀ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਨੇ ਮੱਧ ਪ੍ਰਦੇਸ਼ ਦੀ ਕੁਲ 29 'ਚੋਂ 28 ਸੀਟਾਂ ਜਿੱਤ ਕੇ ਕਾਂਗਰਸ ਨੂੰ ਹੈਰਾਨ ਕਰ ਦਿੱਤਾ ਸੀ। ਗੁਨਾ ਸੀਟ ਤੋਂ ਜੋਤੀਰਾਦਿੱਤਿਆ ਸਿੰਧੀਆ ਪਿਛਲੀਆਂ 4 ਲੋਕ ਸਭਾ ਚੋਣਾਂ ਜਿੱਤੀਆਂ ਸਨ। ਇਸ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ। ਗੁਨਾ ਲੋਕ ਸਭਾ ਸੀਟ 'ਤੇ ਜੋਤੀਰਾਦਿੱਤਿਆ ਸਿੰਧੀਆ ਨੂੰ ਭਾਜਪਾ ਦੇ ਕੇ.ਪੀ. ਯਾਦਵ ਨੇ 1,25,549 ਵੋਟਾਂ ਨਾਲ ਹਰਾਇਆ ਸੀ।