
ਭਵਿੱਖ ਵਿਚ ਪਾਰਟੀ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਦੇ ਵਾਪਸ ਆਉਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ
ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵਲੋਂ ਦਿਤੇ ਗਏ ਅਸਤੀਫ਼ੇ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਉਸੇ ਗਤੀਸ਼ੀਲ ਅਤੇ ਲੜਾਕੂ ਭਾਵਨਾ ਦੇ ਨਾਲ ਪਾਰਟੀ ਦੀ ਅਗਵਾਈ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਜਿਸ ਅਨੁਸਾਰ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਦੇ ਮੌਢਿਆਂ 'ਤੇ ਨਹੀਂ ਲੱਦਿਆ ਜਾ ਸਕਦਾ ਕਿਉਂਕਿ ਇਹ ਸਾਰੇ ਕਾਂਗਰਸੀ ਆਗੂਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ।
Rahul Gandhi
ਉਨ੍ਹਾਂ ਕਿਹਾ ਕਿ ਚੋਣਾਂ ਵਿਚ ਇਕ ਹਾਰ ਨੂੰ ਰਾਹੁਲ ਦੀ ਕੁਲ ਅਗਵਾਈ ਦੇ ਨਾਲ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮੂਹਿਕ ਹਾਰ ਲਈ ਰਾਹੁਲ ਵਲੋਂ ਅਪਣੇ ਆਪ ਨੂੰ ਜਵਾਬਦੇਹ ਬਣਾਉਣਾ ਸਹੀ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਹੁਲ ਵਲੋਂ ਸਫ਼ਲਤਾ ਪੂਰਵਕ ਪਾਰਟੀ ਦੀ ਜਿੱਤ ਵਾਸਤੇ ਅਗਵਾਈ ਕਰਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਬਹੁਤ ਸਾਰੇ ਕਾਰਕਾਂ ਕਾਰਨ ਵਾਪਰਿਆ ਹੈ ਜਿਸ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਹੇਠਾਂ ਵੱਲ ਲਿਆਂਦਾ ਹੈ।
ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਵਾਦ ਦੇ ਰਾਹੀਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ ਜਿਸ ਨੇ ਰਾਹੁਲ ਦੀ ਅਗਵਾਈ ਵਿਚ ਕਾਂਗਰਸ ਦੀ ਹਾਂ ਪੱਖੀ ਚੋਣ ਮੁਹਿੰਮ ਨੂੰ ਦਬਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤਾਂ ਅਤੇ ਹਾਰਾਂ ਕਿਸੇ ਵੀ ਸਿਆਸੀ ਪਾਰਟੀ ਦੀ ਚੋਣ ਸਿਆਸਤ ਦਾ ਹਿੱਸਾ ਹੁੰਦੀਆਂ ਹਨ ਅਤੇ ਕੋਈ ਵੀ ਹਾਰ ਪਾਰਟੀ ਦੇ ਮੁੜ ਉਭਰਨ ਲਈ ਮੰਚ ਮੁਹੱਈਆ ਕਰਾਉਂਦੀ ਹੈ। ਰਾਹੁਲ ਦੀ ਗਤੀਸ਼ੀਲ ਅਤੇ ਸੁਲਝੀ ਹੋਈ ਅਗਵਾਈ ਵਿਚ ਕਾਂਗਰਸ ਲਾਜ਼ਮੀ ਤੌਰ 'ਤੇ ਮੁੜ ਉਭਰੇਗੀ ਅਤੇ ਇਹ ਜ਼ਿਆਦਾ ਸ਼ਕਤੀਸ਼ਾਲੀ ਹੋਵੇਗੀ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹੋ ਗੱਲ ਉਨ੍ਹਾਂ ਨੇ ਅਤੇ ਹੋਰਨਾਂ ਕਾਂਗਰਸੀ ਮੁੱਖ ਮੰਤਰੀਆਂ ਨੇ ਰਾਹੁਲ ਨੂੰ ਸੋਮਵਾਰ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਆਖੀ ਸੀ ਪਰ ਉਹ ਅਸਤੀਫ਼ਾ ਨਾ ਦੇਣ ਬਾਰੇ ਮੁੜ ਵਿਚਾਰ ਕਰਨ ਲਈ ਰਾਹੁਲ ਨੂੰ ਮਨਾਉਣ ਵਿਚ ਅਸਫ਼ਲ ਰਹੇ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਰਾਹੁਲ ਛੇਤੀ ਹੀ ਪਾਰਟੀ ਨੂੰ ਮੁੜ ਉਚਾਈਆਂ ਵੱਲ ਲਿਜਾਣ ਲਈ ਵਾਪਸ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਪਾਰਟੀ ਲਈ ਬਹੁਤ ਹੀ ਮੁਸ਼ਕਿਲਾਂ ਭਰਿਆ ਹੈ ਪਰ ਅਸੀਂ ਇਕੱਠੇ ਹੋ ਕੇ ਇਸ ਵਿਚੋਂ ਪਾਰ ਲੰਘਾਂਗੇ ਅਤੇ ਰਾਹੁਲ ਦੀ ਅਗਵਾਈ ਅਤੇ ਸੋਚ ਦੇ ਨਾਲ ਜ਼ਿਆਦਾ ਸ਼ਕਤੀਸ਼ਾਲੀ ਹੋਵਾਂਗੇ।