
ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਖ਼ਬਰਾਂ ਦਾ ਕੀਤਾ ਖੰਡਨ
ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ/ਕਮਲਜੀਤ ਕੌਰ/ਮਨਪ੍ਰੀਤ ਕੌਰ): 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ 'ਚ ਭਾਜਪਾ ਕੇਂਦਰੀ ਮੰਤਰੀ ਮੰਡਲ ਅਤੇ ਸੰਗਠਨ 'ਚ ਫੇਰਬਦਲ ਦੇ ਨਾਲ-ਨਾਲ ਤਿੰਨ ਸੂਬਿਆਂ ਦੇ ਰਾਜਪਾਲ ਵੀ ਬਦਲ ਸਕਦੀ ਹੈ। ਜੰਮੂ-ਕਸ਼ਮੀਰ ਦੀ ਸਿਆਸਤ 'ਚ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਚਰਚਾ ’ਚ ਹੈ। ਖ਼ਬਰਾਂ ਹਨ ਕਿ ਮੋਦੀ ਸਰਕਾਰ ਲੋਕ ਸਭਾ ਚੋਣਾਂ ’ਚ ਉਤਰਨ ਤੋਂ ਪਹਿਲਾਂ ਦੋ-ਤਿੰਨ ਸੂਬਿਆਂ ਦੇ ਰਾਜਪਾਲਾਂ ਨੂੰ ਹਟਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਇਸ ਵਿਚ ਜੰਮੂ-ਕਸ਼ਮੀਰ ਦੇ ਨਾਲ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖ਼ਾਨ ਵੀ ਵਿਚਾਰ ਅਧੀਨ ਹਨ।
ਮਨੋਜ ਸਿਨਹਾ ਦੀ ਥਾਂ ਮਿਲ ਸਕਦੀ ਹੈ ਜ਼ਿੰਮੇਵਾਰੀ
ਸੂਤਰਾਂ ਅਨੁਸਾਰ 2020 'ਚ ਰਾਜਪਾਲ ਬਣੇ ਮਨੋਜ ਸਿਨਹਾ ਦੀ ਥਾਂ ਕੈਪਟਨ ਨੂੰ ਜ਼ਿੰਮੇਵਾਰੀ ਸੌਂਪਣ 'ਤੇ ਵਿਚਾਰ ਚੱਲ ਰਿਹਾ ਹੈ। ਹਾਲਾਂਕਿ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੇ ਮਹਾਰਾਸ਼ਟਰ ਦਾ ਰਾਜਪਾਲ ਬਣਨ ਦੀ ਚਰਚਾ ਵੀ ਸ਼ੁਰੂ ਹੋਈ ਸੀ ਪਰ ਬਾਅਦ 'ਚ ਇਸ ’ਤੇ ਵਿਰਾਮ ਲੱਗ ਗਿਆ ਸੀ। ਇਹ ਵੀ ਚਰਚਾਵਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਕੇਂਦਰੀ ਵਜ਼ਾਰਤ ਦਾ ਹਿੱਸਾ ਬਣਨ ਦੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣ ਤੋਂ ਬਾਅਦ ਬਣਾਈ ਗਈ ਖੇਤਰੀ ਪਾਰਟੀ ਨੂੰ ਭੰਗ ਕਰ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਪੰਜਾਬ 'ਚ ਭਾਜਪਾ ਨੇ 13 ਸੀਟਾਂ 'ਤੇ ਅਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਉਨ੍ਹਾਂ ਨੇਤਾਵਾਂ 'ਤੇ ਵੀ ਵਿਸ਼ਵਾਸ ਜਤਾ ਰਹੀ ਹੈ ਜੋ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਹਨ। ਚਰਚਾ ਹੈ ਕਿ ਹੁਣ ਜਦੋਂ ਭਾਜਪਾ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਦਾ ਅਹੁਦਾ ਸਾਬਕਾ ਕਾਂਗਰਸੀ ਸੁਨੀਲ ਜਾਖੜ ਨੂੰ ਦਿਤਾ ਹੈ ਤਾਂ ਕੈਪਟਨ ਨੂੰ ਵੀ ਕੋਈ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਖ਼ਬਰਾਂ ਦਾ ਕੀਤਾ ਖੰਡਨ
ਉਧਰ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਇਨ੍ਹਾਂ ਖ਼ਬਰਾਂ ਨੂੰ ਅਫ਼ਵਾਹਾਂ ਦਸਦਿਆਂ ਇਨ੍ਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੂੰ ਇਹ ਖ਼ਬਰਾਂ ਮੀਡੀਆ ਜ਼ਰੀਏ ਹੀ ਸੁਣਨ ਨੂੰ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਜਾਖੜ ਅਤੇ ਕੈਪਟਨ ਦੀ ਜੋੜੀ ਨੇ ਪਹਿਲਾਂ ਵੀ ਕਈ ਚੋਣਾਂ ਜਿੱਤੀਆਂ ਹਨ। ਉਨ੍ਹਾਂ ਦਸਿਆ ਕਿ ਇਹ ਗੱਲਾਂ ਸਿਰਫ਼ ਚਰਚਾਵਾਂ ਹਨ, ਫਿਲਹਾਲ ਕੇਂਦਰੀ ਟੀਮ ਵਲੋਂ ਨਾਵਾਂ ਸਬੰਧੀ ਕੋਈ ਸੁਨੇਹਾ ਨਹੀਂ ਆਇਆ ਹੈ। ਜੇਕਰ ਕੋਈ ਅਜਿਹੀ ਖ਼ਬਰ ਹੋਈ ਤਾਂ ਉਸ ਫ਼ੈਸਲੇ ਦਾ ਸਵਾਗਤ ਕੀਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀਆਂ ਮੀਟਿੰਗਾਂ ਵਿਚ ਜ਼ਿਆਦਾ ਨਜ਼ਰ ਨਹੀਂ ਆਉਂਦੇ ਪਰ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਕਾਫੀ ਸਰਗਰਮ ਹੈ। ਜੈ ਇੰਦਰ ਕੌਰ ਖੁਦ ਕੌਮੀ ਅਤੇ ਸੂਬਾ ਪੱਧਰੀ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਹਨ।